ਫੇਕ ਨਿਊਜ਼ ‘ਤੇ ਸੁਪਰੀਮ ਕੋਰਟ ਸਖ਼ਤ, ਟਵਿੱਟਰ ਅਤੇ ਕੇਂਦਰ ਸਰਕਾਰ ਨੂੰ ਭੇਜਿਆ ਨੋਟਿਸ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਟਵਿੱਟਰ ਅਤੇ ਕੇਂਦਰ ਸਰਕਾਰ ਨੂੰ ਫੇਕ ਨਿਊਜ਼ ਦੇ ਮਾਮਲੇ ‘ਚ ਨੋਟਿਸ ਜਾਰੀ ਕੀਤਾ ਹੈ। ਕੋਰਟ ਨੇ ਫੇਕ ਨਿਊਜ਼ ਅਤੇ ਫਰਜ਼ੀ ਮੈਸੇਜ ਰਾਹੀਂ ਨਫ਼ਰਤ ਫੈਲਾਉਣ ਵਾਲੇ ਟਵਿੱਟਰ ਕੰਟੈਂਟ ਅਤੇ ਵਿਗਿਆਪਨਾਂ ਦੀ ਜਾਂਚ ਲਈ ਮੈਕੇਨਿਜ਼ਮ ਬਣਾਏ ਜਾਣ ‘ਤੇ ਜਵਾਬ ਮੰਗਿਆ ਹੈ। ਕੋਰਟ ਨੇ ਟਵਿੱਟਰ ਅਤੇ ਕੇਂਦਰ ਤੋਂ ਕੋਈ ਅਜਿਹੀ ਵਿਵਸਥਾ ਬਣਾਉਣ ਲਈ ਕਿਹਾ ਹੈ, ਜਿਸ ਰਾਹੀਂ ਫੇਕ ਨਿਊਜ਼ ਅਤੇ ਭੜਕਾਊ ਮੈਸੇਜ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਭਾਜਪਾ ਨੇਤਾ ਵਿਨੀਤ ਗੋਇਨਕਾ ਵਲੋਂ ਦਾਇਰ ਇਕ ਜਨਹਿੱਤ ਪਟੀਸ਼ਨ ‘ਤੇ ਨੋਟਿਸ ਜਾਰੀ ਕੀਤਾ। ਪਟੀਸ਼ਨਕਰਤਾ ਨੇ ਸੋਸ਼ਲ ਮੀਡੀਆ ਪਲੇਟਫਾਰਮ, ਵਿਸ਼ੇਸ਼ ਰੂਪ ਨਾਲ ਟਵਿੱਟਰ ‘ਤੇ ‘ਭਾਰਤ ਵਿਰੋਧੀ’ ਅਤੇ ‘ਦੇਸ਼ਧ੍ਰੋਹੀ’ ਪੋਸਟਾਂ ਦੀ ਜਾਂਚ ਲਈ ਮੈਕੇਨਿਜ਼ਮ ਬਣਾਏ ਜਾਣ ਦੀ ਮੰਗ ਕੀਤੀ ਸੀ।
ਪਟੀਸ਼ਨਕਰਤਾ ਨੇ ਆਪਣੀ ਪਟੀਸ਼ਨ ‘ਚ ਕਿਹਾ ਕਿ ਕਈ ਮਸ਼ਹੂਰ ਲੋਕਾਂ ਦੇ ਨਾਮ ਅਤੇ ਸੈਂਕੜੇ ਫਰਜ਼ੀ ਟਵਿੱਟਰ ਅਤੇ ਫੇਸਬੁੱਕ ਅਕਾਊਂਟ ਚੱਲ ਰਹੇ ਹਨ। ਇਨ੍ਹਾਂ ਫਰਜ਼ੀ ਟਵਿੱਟਰ ਹੈਂਡਲ ਅਤੇ ਫੇਸਬੁੱਕ ਅਕਾਊਂਟ ‘ਚ ਮਸ਼ਹੂਰ ਨਾਗਰਿਕਾਂ ਦੀਆਂ ਅਸਲੀਆਂ ਫੋਟੋਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਆਮ ਲੋਕ ਇਸ ‘ਚ ਅੰਤਰ ਨਹੀਂ ਕਰ ਪਾਉਂਦੇ ਹਨ ਅਤੇ ਇਨ੍ਹਾਂ ਅਕਾਊਂਟਸ ਤੋਂ ਜਾਰੀ ਮੈਸੇਜ ‘ਤੇ ਵਿਸ਼ਵਾਸ ਕਰ ਲੈਂਦੇ ਹਨ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਫਰਜ਼ੀ ਅਕਾਊਂਟਸ ਰਾਹੀਂ ਫੇਕ ਨਿਊਜ਼ ਅਤੇ ਭੜਕਾਊ ਸੰਦੇਸ਼ ਸ਼ੇਅਰ ਕਰ ਨਫ਼ਰਤ ਫੈਲਾਈ ਜਾਂਦੀ ਹੈ।