ਨਵੀਂ ਦਿੱਲੀ – ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਦੇਸ਼ ਦਾ ਪਹਿਲਾ CNG ਟਰੈਕਟਰ ਲਾਂਚ ਕਰਨ ਜਾ ਰਹੇ ਹਨ. ਜਿਸ ਨੂੰ ਉਹ ਕਿਸਾਨਾਂ ਦੀ ਕਮਾਈ ਵਧਾਉਣ ਦਾ ਇੱਕ ਸਾਧਨ ਦੱਸ ਰਹੇ ਹਨ। ਸ਼ੁੱਕਰਵਾਰ ਦੇ ਦਿਨ ਸ਼ਾਮ ਦੇ ਕਰੀਬ ਪੰਜ ਵਜੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇਸ਼ ਦਾ ਪਹਿਲਾ ਸੀ.ਐੱਨ.ਜੀ. ਟਰੈਕਟਰ ਲਾਂਚ ਕਰਨਗੇ। ਇਸ ਪ੍ਰੋਗਰਾਮ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ, ਕੇਂਦਰੀ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਵੀ ਮੌਜੂਦ ਰਹਿਣਗੇ। ਪ੍ਰੋਗਰਾਮ ਤੋਂ ਬਾਅਦ ਨਿਤਿਨ ਗਡਕਰੀ ਪੱਤਰਕਾਰਾਂ ਨਾਲ ਗੱਲਬਾਤ ਵੀ ਕਰਨਗੇ।
ਦੇਸ਼ ਦੇ ਪਹਿਲੇ CNG ਟਰੈਕਟਰ ਨੂੰ ਲਾਂਚ ਕਰਨ ਦਾ ਐਲਾਨ ਕਰਦੇ ਹੋਏ ਸਰਕਾਰ ਨੇ ਇਸ ਟਰੈਕਟਰ ਦੀਆਂ ਖਾਸੀਅਤਾਂ ਦੱਸੀਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਇਸ ਸੀ.ਐੱਨ.ਜੀ. ਟਰੈਕਟਰ ਨਾਲ ਕਿਸਾਨਾਂ ਦੀ ਹਰ ਸਾਲ ਇੱਕ ਲੱਖ ਰੁਪਏ ਦੀ ਬਚਤ ਹੋਵੇਗੀ। ਇਸ ਤੋਂ ਇਲਾਵਾ ਖੇਤਾਂ ਵਿੱਚ ਸਾੜੇ ਜਾਣ ਵਾਲੇ ਪਰਾਲੀ ਨਾਲ ਬਾਇਓ-ਸੀ.ਐੱਨ.ਜੀ. ਦਾ ਉਤਪਾਦਨ ਹੋ ਸਕਦਾ ਹੈ। ਜਿਸ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਪ੍ਰਦੂਸ਼ਣ ਘੱਟ ਹੋਵੇਗਾ। ਯਾਨੀ ਇਸ ਟਰੈਕਟਰ ਦਾ ਈਂਧਨ ਵੀ ਨਾ ਸਿਰਫ ਆਰਥਿਕ ਰੂਪ ਨਾਲ ਬਚਤ ਕਰੇਗਾ ਸਗੋਂ ਵਾਤਾਵਰਣ ਨੂੰ ਬਚਾਉਣ ਵਿੱਚ ਵੀ ਮਦਦ ਕਰੇਗਾ। ਸਰਕਾਰ ਦਾ ਕਹਿਣਾ ਹੈ ਕਿ ਫਸਲਾਂ ਦੇ ਰਹਿੰਦ ਖੂਹੰਦ ਨੂੰ ਕਿਸਾਨ ਸਾੜਦਾ ਸੀ। ਹੁਣ ਉਸ ਨੂੰ ਵੇਚਕੇ ਉਹ ਆਪਣੀ ਆਮਦਨੀ ਵਧਾ ਸਕੇਗਾ। ਇਸ ਤਰ੍ਹਾਂ CNG ਟਰੈਕਟਰ ਖੇਤੀਬਾੜੀ ਖੇਤਰ ਵਿੱਚ ਬਹੁਤ ਬਦਲਾਅ ਲਿਆ ਸਕਦਾ ਹੈ।