ਹਾਰ ਲਈ ਕੋਈ ਬਹਾਨਾ ਨਹੀਂ, ਅਗਲੇ ਮੈਚ ‘ਚ ਦੇਵਾਂਗੇ ਸਖ਼ਤ ਟੱਕਰ – ਵਿਰਾਟ

ਚੇਨਈ – ਹਾਰ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਹ ਹਾਰ ਲਈ ਕੋਈ ਬਹਾਨਾ ਨਹੀਂ ਬਣਾਉਣਗੇ, ਪਰ ਉਹ ਅਗਲੇ ਤਿੰਨ ਮੈਚਾਂ ‘ਚ ਸਖ਼ਤ ਟੱਕਰ ਦੇਣਗੇ ਤੇ ਸਥਿਤੀ ਨੂੰ ਆਪਣੇ ਕੰਟਰੋਲ ‘ਚੋਂ ਬਾਹਰ ਨਹੀਂ ਜਾਣ ਦੇਣਗੇ।
ਵਿਰਾਟ ਨੇ ਕਿਹਾ, ”ਅਸੀਂ ਆਪਣੀ ਹਾਰ ਅਤੇ ਗ਼ਲਤੀਆਂ ਨੂੰ ਸਵੀਕਾਰ ਕਰਦੇ ਹਾਂ ਅਤੇ ਉਨ੍ਹਾਂ ਤੋਂ ਸਿਖਦੇ ਹਾਂ। ਇੱਕ ਚੀਜ਼ ਨਿਸ਼ਚਿਤ ਹੈ ਕਿ ਅਗਲੇ ਤਿੰਨ ਮੈਚਾਂ ‘ਚ ਅਸੀਂ ਸਖ਼ਤ ਟੱਕਰ ਦੇਣ ਜਾ ਰਹੇ ਹਾਂ ਅਤੇ ਚੀਜ਼ਾਂ ਨੂੰ ਆਪਣੇ ਹੱਥੋਂ ਜਾਣ ਨਹੀਂ ਦੇਵਾਂਗੇ। ਸਾਨੂੰ ਚੰਗੀ ਬੌਡੀ ਲੈਂਗੂਏਜ ਨਾਲ ਖੇਡ ਦੀ ਸ਼ੁਰੂਆਤ ਕਰਨੀ ਪਵੇਗੀ ਅਤੇ ਵਿਰੋਧੀ ਟੀਮ ‘ਤੇ ਦਬਾਅ ਬਣਾਉਣਾ ਪਵੇਗਾ। ਮੈਦਾਨ, ਪਿੱਚ ਦੀ ਸਥਿਤੀ ਤੇ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਨੂੰ ਸਮਝਣਾ ਪਵੇਗਾ। ਇਹ ਸਾਰੀਆਂ ਚੀਜ਼ਾਂ ਮਹੱਤਵਪੂਰਣ ਹਨ।”
ਉਸ ਨੇ ਕਿਹਾ, ”ਅਸੀਂ ਵਾਪਸੀ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਨਾਲ ਸ਼ਾਨਦਾਰ ਵਾਪਸੀ ਕੀਤੀ ਜਾਂਦੀ ਹੈ ਅਤੇ ਅਗਲੇ ਮੈਚਾਂ ‘ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂਗੇ। ‘ ‘ਵਿਰਾਟ ਆਪਣੀ ਕਪਤਾਨੀ ‘ਚ ਆਪਣੇ ਪਿਛਲੇ ਚਾਰ ਟੈੱਸਟ ਲਗਾਤਾਰ ਹਾਰ ਚੁੱਕਾ ਹੈ। ਉਸ ਨੇ ਨਿਊ ਜ਼ੀਲੈਂਡ ਹੱਥੋਂ ਦੋ ਟੈੱਸਟ ਹਾਰੇ, ਆਸਟਰੇਲੀਆ ਹੱਥੋਂ ਇੱਕ ਟੈੱਸਟ ਹਾਰਿਆ ਅਤੇ ਹੁਣ ਇੰਗਲੈਂਡ ਤੋਂ ਵੀ ਟੈੱਸਟ ਗਵਾਇਆ। ਵਿਰਾਟ ਦੀ ਕਪਤਾਨੀ ‘ਚ ਇਹ ਪਹਿਲੀ ਵਾਰ ਹੈ ਜਦੋਂ ਉਸ ਨੇ ਲਗਾਤਾਰ ਚਾਰ ਟੈੱਸਟ ਗਵਾਏ ਹਨ।