ਹਾਰ ਮਗਰੋਂ ਵਿਸ਼ਵ ਟੈੱਸਟ ਚੈਪੀਅਨਸ਼ਿਪ ਸੂਚੀ ‘ਚ ਚੌਥੇ ਸਥਾਨ ‘ਤੇ ਖਿਸਕਿਆ

ਦੁਬਈ – ਇੰਗਲੈਂਡ ਖ਼ਿਲਾਫ਼ ਚੇਨਈ ‘ਚ ਪਹਿਲੇ ਕ੍ਰਿਕਟ ਟੈੱਸਟ ‘ਚ 227 ਦੌੜਾਂ ਦੀ ਹਾਰ ਨਾਲ ਭਾਰਤ ਵਿਸ਼ਵ ਟੈੱਸਟ ਚੈਂਪੀਅਨਸ਼ਿਪ ਸੂਚੀ ‘ਚ ਚੌਥੇ ਸਥਾਨ ‘ਤੇ ਖਿਸਕ ਗਿਆ ਜਦੋਂ ਕਿ ਮਹਿਮਾਨ ਟੀਮ ਨੇ ਪਹਿਲੀ ਵਾਰ ਹੋ ਰਹੀ ਇਸ ਚੈਂਪੀਅਨਸ਼ਿਪ ਦੇ ਫ਼ਾਈਨਲ ‘ਚ ਜਗ੍ਹਾ ਬਣਾਉਣ ਦੀਆਂ ਆਪਣੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕੀਤਾ। ਇੰਗਲੈਂਡ ਦੇ 420 ਦੌੜਾਂ ਦੇ ਵਿਸ਼ਵ ਰਿਕਾਰਡ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਐਮ. ਏ. ਚਿੰਦਬਰਮ ਸਟੇਡੀਅਮ ‘ਚ ਚਾਰ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਦੇ ਪੰਜਵੇਂ ਅਤੇ ਆਖ਼ਰੀ ਦਿਨ ਮੰਗਲਵਾਰ ਨੂੰ ਦੂਜੇ ਸੈਸ਼ਨ ‘ਚ 192 ਦੌੜਾਂ ‘ਤੇ ਸਿਮਿਟ ਗਈ।
ਕਪਤਾਨ ਵਿਰਾਟ ਕੋਹਲੀ ਨੇ ਭਾਰਤ ਵਲੋਂ 72 ਦੌੜਾਂ ਬਣਾਈਆਂ। ਇਸ ਸਾਲ ਲੌਰਡਜ਼ ‘ਚ ਹੋਣ ਵਾਲੇ ਫ਼ਾਈਨਲ ਲਈ ਨਿਊ ਜ਼ੀਲੈਂਡ ਦੀ ਟੀਮ ਪਹਿਲਾਂ ਹੀ ਕੁਆਲੀਫ਼ਾਈ ਕਰ ਚੁੱਕੀ ਹੈ। ਉਸ ਦਾ ਜੇਤੂ ਅੰਕਾਂ ਦਾ ਪ੍ਰਤੀਸ਼ਤ 70.0 ਹੈ ਅਤੇ ਉਸ ਨੂੰ ਹੁਣ ਕੋਈ ਸੀਰੀਜ਼ ਨਹੀਂ ਖੇਡਣੀ ਹੈ। ICC ਦੇ ਬਿਆਨ ਮੁਤਾਬਿਕ ਚੇਪਕ ‘ਚ ਜਿੱਤ ਨਾਲ ਇੰਗਲੈਂਡ 70.2 ਪ੍ਰਤੀਸ਼ਤ ਅੰਕਾਂ ਨਾਲ ਸੂਚੀ ‘ਚ ਸਿਖਰ ‘ਤੇ ਪਹੁੰਚ ਗਿਆ ਹੈ ਅਤੇ ਉਸ ਦੇ ਉਨ੍ਹਾਂ ਤਿੰਨ ਨਤੀਜਿਆਂ ‘ਚੋਂ ਇੱਕ ਹਾਸਿਲ ਕਰਨ ਦੀ ਉਮੀਦ ਵੱਧ ਗਈ ਹੈ ਜੋ ਉਸ ਨੂੰ ਫ਼ਾਈਨਲ ‘ਚ ਜਗ੍ਹਾ ਦਿਵਾ ਦੇਵੇਗਾ। ਇੰਗਲੈਂਡ ਜੇਕਰ 3-1,3-0 ਜਾਂ 4-0 ਨਾਲ ਜਿੱਤ ਦਰਜ ਕਰਦਾ ਹੈ ਤਾਂ ਫ਼ਿਰ ਉਹ ਫ਼ਾਈਨਲ ‘ਚ ਖੇਡੇਗਾ।
ਪਿਛਲੇ ਮਹੀਨੇ ਆਸਟਰੇਲੀਆ ‘ਚ ਇਤਿਹਾਸਕ ਸੀਰੀਜ਼ ਜਿੱਤਣ ਤੋਂ ਬਾਅਦ ਭਾਰਤ ਸਿਖ਼ਰ ‘ਤੇ ਚੱਲ ਰਿਹਾ ਸੀ ਪਰ ਹੁਣ 68.3 ਅੰਕ ਨਾਲ ਚੌਥੇ ਸਥਾਨ ‘ਤੇ ਖਿਸਕ ਗਿਆ ਹੈ। ਟੀਮ ਇੰਡੀਆ ਨੂੰ ਫ਼ਾਈਨਲ ‘ਚ ਜਗ੍ਹਾ ਬਣਾਉਣ ਲਈ ਬਾਕੀ ਬਚੇ 3 ਮੈਚਾਂ ‘ਚੋਂ ਘੱਟ ਤੋਂ ਘੱਟ 2 ਜਿੱਤਣੇ ਹੋਣਗੇ ਕਿਉਂਕਿ 2-1 ਜਾਂ 3-1 ਦੇ ਨਤੀਜੇ ਨਾਲ ਹੀ ਉਹ ਫ਼ਾਈਨਲ ‘ਚ ਜਗ੍ਹਾ ਬਣਾ ਸਕਦਾ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਟੈੱਸਟ ਸੀਰੀਜ਼ ਜੇਕਰ ਡਰਾਅ ਰਹਿੰਦੀ ਹੈ ਜਾਂ ਇੰਗਲੈਂਡ 1-0, 2-1 ਜਾਂ 2-0 ਨਾਲ ਜਿੱਤ ਦਰਜ ਕਰਦਾ ਹੈ ਤਾਂ ਆਸਟਰੇਲੀਆ ਨੂੰ ਨਿਊ ਜ਼ੀਲੈਂਡ ਖ਼ਿਲਾਫ਼ ਫ਼ਾਈਨਲ ‘ਚ ਖੇਡਣ ਦਾ ਮੌਕਾ ਮਿਲੇਗਾ। ਦੱਖਣੀ ਅਫ਼ਰੀਕਾ ਨੂੰ ਘਰੇਲੂ ਸੀਰੀਜ਼ ‘ਚ 2-0 ਨਾਲ ਹਰਾਉਣ ਤੋਂ ਬਾਅਦ ਪਾਕਿਸਤਾਨ ਚੈਂਪੀਅਨਸ਼ਿਪ ਸੂਚੀ ‘ਚ 43.3 ਪ੍ਰਤੀਸ਼ਤ ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਰਹੇਗਾ। ਦੱਖਣੀ ਅਫ਼ਰੀਕਾ 30.0 ਪ੍ਰਤੀਸ਼ਤ ਅੰਕਾਂ ਨਾਲ ਛੇਵੇਂ ਸਥਾਨ ‘ਤੇ ਖਿਸਕ ਗਿਆ ਹੈ। ਬੰਗਲਾਦੇਸ਼ ਖ਼ਿਲਾਫ਼ ਪਹਿਲੇ ਟੈੱਸਟ ‘ਚ ਇਤਿਹਾਸਕ ਜਿੱਤ ਤੋਂ ਬਾਅਦ ਵੈੱਸਟ ਇੰਡੀਜ਼ 23.8 ਪ੍ਰਤੀਸ਼ਤ ਅੰਕਾਂ ਨਾਲ ਸੱਤਵੇਂ ਸਥਾਨ ‘ਤੇ ਹੈ। ਬੰਗਲਾਦੇਸ਼ ਦੀ ਟੀਮ ਆਖ਼ਰੀ ਸਥਾਨ ‘ਤੇ ਹੈ ਜਿਸ ਨੂੰ ਹੁਣ ਤਕ ਕੋਈ ਅੰਕ ਹਾਸਿਲ ਨਹੀਂ ਕੀਤੇ ਹਨ।