ਸੋਨੂੰ ਸੂਦ ਨੇ ਬੌਲੀਵੁਡ ਸਿਤਾਰਿਆਂ ਅਤੇ ਸਰਕਾਰ ‘ਤੇ ਕੱਸਿਆ ਤਨਜ਼

ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਨਵੰਬਰ 2020 ਦੇ ਆਖ਼ਿਰੀ ਹਫ਼ਤੇ ਤੋਂ ਸਿੰਘੂ, ਗਾਜ਼ੀਪੁਰ ਅਤੇ ਟਿਕਰੀ ਸਰਹੱਦ ‘ਤੇ ਬੈਠੇ ਹਨ। ਜਿਥੇ ਪਹਿਲਾਂ ਇਨ੍ਹਾਂ ਕਿਸਾਨਾਂ ਨੂੰ ਆਮ ਲੋਕਾਂ ਅਤੇ ਕੁੱਝ ਸਿਤਾਰਿਆਂ ਦਾ ਸਾਥ ਮਿਲ ਰਿਹਾ ਸੀ ਉੱਧਰ ਹੁਣ ਕਿਸਾਨ ਅੰਦੋਲਨ ਨੂੰ ਲੈ ਕੇ ਹੌਲੀਵੁਡ ਨੇ ਵੀ ਆਵਾਜ਼ ਉਠਾਈ ਹੈ। ਹੌਲੀਵੁਡ ਸਿਤਾਰਿਆਂ ਵੱਲੋਂ ਕਿਸਾਨਾਂ ਨੂੰ ਮਿਲ ਰਹੇ ਸਮਰਥਨ ਤੋਂ ਬਾਅਦ ਬੌਲੀਵੁਡ ਦੇ ਵੀ ਤਮਾਮ ਸਿਤਾਰੇ ਸੋਸ਼ਲ ਮੀਡੀਆ ‘ਤੇ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕਰ ਰਹੇ ਹਨ।
ਕੁੱਝ ਸਿਤਾਰੇ ਜਿਥੇ ਕਿਸਾਨਾਂ ਦੇ ਹੱਕ ਦੀ ਗੱਲ ਕਰ ਰਹੇ ਹਨ ਤਾਂ ਕੁੱਝ ਸਰਕਾਰ ਦੇ ਪੱਖ ‘ਚ ਖੜ੍ਹੇ ਹਨ। ਅਜਿਹੇ ‘ਚ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ ‘ਤੇ ਵੀ ਲੜਾਈ ਛਿੜ ਗਈ ਹੈ।
ਹਾਲ ਹੀ ‘ਚ ਮਜ਼ਦੂਰਾਂ ਦਾ ਮਸੀਹਾ ਕਹੇ ਜਾਣ ਵਾਲੇ ਅਦਾਕਾਰ ਸੋਨੂੰ ਸੂਦ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕੀਤਾ ਹੈ। ਸੋਨੂੰ ਸੂਦ ਨੇ ਟਵੀਟ ਕਰ ਕੇ ਲਿਖਿਐ, ”ਗ਼ਲਤ ਨੂੰ ਸਹੀ ਕਹਾਂਗੇ ਤਾਂ ਨੀਂਦ ਕਿਸ ਤਰ੍ਹਾਂ ਆਵੇਗੀ।” ਸੋਨੂੰ ਸੂਦ ਦੇ ਇਸ ਟਵੀਟ ਤੋਂ ਬਾਅਦ ਲੋਕ ਉਸ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, ”ਭਾਈ ਖੁੱਲ੍ਹ ਕੇ ਬੋਲਿਆ ਕਰੋ, ਤੁਹਾਨੂੰ ਡਰ ਕਿਸ ਦਾ?” ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, ”ਖੁੱਲ੍ਹ ਦੇ ਬੋਲੋ ਸਰ … ਡੁਅਲ ਟੋਨ ਤੁਹਾਡੇ ਮੂੰਹ ਤੋਂ ਚੰਗੀ ਨਹੀਂ ਲੱਗਦੀ … ਕਿਉਂਕਿ ਸਹੀ ਤਾਂ ਸਹੀ ਹੈ ਅਤੇ ਗ਼ਲਤ ਗਲਤ ਹੈ, ਤੁਸੀਂ ਹਮੇਸ਼ਾ ਇਹ ਗੱਲ ਕਹੀ ਹੈ।” ਦੱਸ ਦੇਈਏ ਕਿ ਕਿਸਾਨ ਅੰਦੋਲਨ ਦੇ ਸਮਰਥਨ ‘ਚ ਰਿਹਾਨਾ, ਮੀਆ ਖ਼ਲੀਫ਼ਾ ਸਮੇਤ ਕਈ ਹੌਲੀਵੁੱਡ ਸਿਤਾਰਿਆਂ ਨੇ ਕੌਮੈਂਟ ਕੀਤੇ ਸਨ ਜਿਸ ਤੋਂ ਬਾਅਦ ਬੌਲੀਵੁੱਡ ਸਿਤਾਰੇ ਵੀ ਸੋਸ਼ਲ ਮੀਡੀਆ ‘ਤੇ ਕਿਸਾਨ ਅੰਦੋਲਨ ਨੂੰ ਲੈ ਕੇ ਕੌਮੈਂਟਸ ਕਰਨ ਲੱਗੇ। ਇਨ੍ਹਾਂ ‘ਚੋਂ ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ, ਕੰਗਨਾ ਰਣੌਤ, ਅਜੇ ਦੇਵਗਨ, ਸਵਰਾ ਭਾਸਕਰ, ਤਾਪਸੀ ਪਨੂੰ ਸਮੇਤ ਕਈ ਬੌਲੀਵੁਡ ਹਸਤੀਆਂ ਸ਼ਾਮਿਲ ਹਨ।