ਦੁਬਈ – ਆਸਟਰੇਲੀਆ ‘ਚ ਭਾਰਤ ਦੀ ਇਤਿਹਾਸਕ ਜਿੱਤ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਸੋਮਵਾਰ ਨੂੰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ICC) ਨੇ ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ ਦੇ ਪਹਿਲੇ ਐਵਾਰਡ ਲਈ ਚੁਣਿਆ ਹੈ।
ICC ਨੇ ਇਸ ਮਹੀਨੇ ਪਹਿਲੀ ਵਾਰ ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ ਦੇ ਐਵਾਰਡ ਨੂੰ ਸ਼ੁਰੂ ਕੀਤਾ ਹੈ। 23 ਸਾਲਾ ਪੰਤ ਨੇ ਆਸਟਰੇਲੀਆ ਵਿਰੁੱਧ ਸਿਡਨੀ ‘ਚ 97 ਦੌੜਾਂ ਦੀ ਪਾਰੀ ਖੇਡੀ ਸੀ ਜਿਸ ਨਾਲ ਭਾਰਤ ਮੈਚ ਡਰਾਅ ਕਰਵਾਉਣ ‘ਚ ਸਫ਼ਲ ਰਿਹਾ ਜਦਕਿ ਬ੍ਰਿਸਬੇਨ ‘ਚ ਉਸ ਦੀ ਅਜੇਤੂ 89 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ ਜਿੱਤ ਦਰਜ ਕਰਦੇ ਹੋਏ ਇਤਿਹਾਸਕ ਲੜੀ ਜਿੱਤੀ।
ਮਹਿਲਾ ਕ੍ਰਿਕਟਰਾਂ ‘ਚ ਦੱਖਣੀ ਅਫ਼ਰੀਕਾ ਦੀ ਸ਼ਬਨਮ ਇਸਮਾਇਲ ਨੇ ਇਸ ਐਵਾਰਡ ਨੂੰ ਆਪਣੇ ਨਾਂ ਕੀਤਾ ਜਿਸ ਨੇ ਇਸ ਦੌਰਾਨ 3 ਵਨ ਡੇ ਅਤੇ 2 T-20 ਕੌਮਾਂਤਰੀ ਮੈਚਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਨੇ ਪਾਕਿਸਤਾਨ ਵਿਰੁੱਧ ਵਨ ਡੇ ਲੜੀ ‘ਚ 7 ਵਿਕਟਾਂ ਲਈਆਂ ਸਨ। ਉਸ ਨੇ ਇਸ ਟੀਮ ਵਿਰੁੱਧ ਦੂਜੇ T-20 ਕੌਮਾਂਤਰੀ ਮੈਚ ‘ਚ 5 ਵਿਕਟਾਂ ਲਈਆਂ ਸਨ। ਇਨ੍ਹਾਂ ਐਵਾਰਡਾਂ ਦੇ ਜੇਤੂਆਂ ਦਾ ਫ਼ੈਸਲਾ ਹਰ ਮਹੀਨੇ ਦੇ ਦੂਜੇ ਸੋਮਵਾਰ ਨੂੰ ICC ਦੇ ਡਿਜੀਟਲ ਚੈਨਲਾਂ ‘ਤੇ ਕੀਤਾ ਜਾਵੇਗਾ। ਬਿਆਨ ਅਨੁਸਾਰ ਕੈਲੰਡਰ ਮਹੀਨੇ ‘ਚ ਮੈਦਾਨ ‘ਤੇ ਪ੍ਰਦਰਸ਼ਨ ਦੇ ਆਧਾਰ ‘ਤੇ ਪੁਰਸ਼ ਅਤੇ ਮਹਿਲਾ ਵਰਗ ‘ਚ 3-3 ਖਿਡਾਰੀਆਂ ਨੂੰ ਨਾਮਜ਼ਦ ਕੀਤਾ ਜਾਵੇਗਾ।