ਟੈੱਸਟ ‘ਚ 300 ਵਿਕਟਾਂ ਲੈਣ ਵਾਲਾ ਤੀਜਾ ਭਾਰਤੀ ਤੇਜ਼ ਗੇਂਦਬਾਜ਼ ਹੈ ਇਸ਼ਾਂਤ

ਚੇਨਈ – ਇਸ਼ਾਂਤ ਸ਼ਰਮਾ ਇੰਗਲੈਂਡ ਖ਼ਿਲਾਫ਼ ਇੱਥੇ ਖੇਡੇ ਜਾ ਰਹੇ ਪਹਿਲੇ ਟੈੱਸਟ ਮੈਚ ਦੀ ਦੂਜੀ ਪਾਰੀ ‘ਚ ਡੈਨ ਲੌਰੈਂਸ ਨੂੰ ਆਊਟ ਕਰ ਕੇ ਸੋਮਵਾਰ ਨੂੰ ਖੇਡ ਦੇ ਸਭ ਤੋਂ ਲੰਬੇ ਸਵਰੂਪ ‘ਚ 300 ਵਿਕਟਾਂ ਪੂਰੀਆਂ ਕਰਨ ਵਾਲਾ ਤੀਜਾ ਭਾਰਤੀ ਤੇਜ਼ ਗੇਂਦਬਾਜ਼ ਬਣ ਗਿਆ। ਇਸ਼ਾਂਤ ਤੋਂ ਪਹਿਲਾਂ ਇਸ ਮੁਕਾਮ ਨੂੰ ਦਿੱਗਜ ਹਰਫ਼ਨਮੌਲਾ ਕਪਿਲ ਦੇਵ (434) ਅਤੇ ਜ਼ਹੀਰ ਖ਼ਾਨ (311) ਨੇ ਹਾਸਿਲ ਕੀਤਾ ਸੀ।
ਇਸ਼ਾਂਤ ਨੇ ਆਪਣੇ 98ਵੇਂ ਟੈੱਸਟ ‘ਚ 300ਵਾਂ ਸ਼ਿਕਾਰ ਕੀਤਾ ਜਦੋਂਕਿ ਕਪਿਲ ਨੇ ਆਪਣੇ ਕਰੀਅਰ ‘ਚ 131 ਅਤੇ ਜ਼ਹੀਰ ਨੇ 92 ਟੈੱਸਟ ਖੇਡੇ ਹਨ। ਇਸ਼ਾਂਤ ਇਸ ਮੁਕਾਮ ਤਕ ਪਹੁੰਚਣ ਵਾਲਾ ਕੁੱਲ ਛੇਵਾਂ ਭਾਰਤੀ ਗੇਂਦਬਾਜ਼ ਹੈ। ਭਾਰਤੀ ਗੇਂਦਬਾਜ਼ਾਂ ‘ਚ ਸਭ ਤੋਂ ਜ਼ਿਆਦਾ ਵਿਕਟਾਂ ਮਹਾਨ ਸਪਿਨਰ ਅਨਿਲ ਕੁੰਬਲੇ (132 ਮੈਚ ‘ਚ 619 ਵਿਕਟਾਂ) ਨੇ ਲਈਆਂ ਹਨ। ਕਪਿਲ ਦੂਜੇ ਸਥਾਨ ‘ਤੇ ਹੈ ਜਦੋਂਕਿ ਹਰਭਜਨ ਸਿੰਘ (103 ਟੈੱਸਟ ‘ਚ 417) ਇਸ ਸੂਚੀ ‘ਚ ਤੀਜੇ ਸਥਾਨ ‘ਤੇ ਹੈ। ਇਸ਼ਾਂਤ ਦੇ ਟੀਮ ਦੇ ਸਾਥੀ ਸਪਿਨਰ ਰਵੀਚੰਦਰਨ ਅਸ਼ਵਿਨ ਚੌਥੇ ਅਤੇ ਜ਼ਹੀਰ ਪੰਜਵੇਂ ਸਥਾਨ ‘ਤੇ ਹੈ। ਦਿੱਲੀ ਦੇ ਇਸ ਤੇਜ਼ ਗੇਂਦਬਾਜ਼ ਦੇ ਇਸ ਮੁਕਾਮ ਤਕ ਪਹੁੰਚਣ ਤੋਂ ਬਾਅਦ ਭਾਰਤੀ ਕ੍ਰਿਕਟ ਬੋਰਡ (BCCI) ਨੇ ਉਸ ਨੂੰ ਵਧਾਈ ਦਿੱਤੀ।
ਬੀ.ਸੀ.ਸੀ.ਆਈ. ਨੇ ਟਵੀਟ ਕੀਤਾ, ”ਇਸ਼ਾਂਤ ਸ਼ਰਮਾ ਨੂੰ ਵਧਾਈ, ਉਹ ਟੈੱਸਟ ‘ਚ 300 ਵਿਕਟਾਂ ਲੈਣ ਵਾਲੇ ਤੀਜੇ ਭਾਰਤੀ ਤੇਜ਼ ਗੇਂਦਬਾਜ਼ ਬਣੇ। ਉਨ੍ਹਾਂ ਨੇ ਡੈਨ ਲੌਰੈਂਸ ਨੂੰ ਆਊਟ ਕਰ ਕੇ ਇੰਗਲੈਂਡ ਨੂੰ ਤੀਜਾ ਝਟਕਾ ਦਿੱਤਾ।”