ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਹੋ ਰਹੇ ਕਿਸਾਨ ਅੰਦੋਲਨ ‘ਤੇ ਬੀ-ਟਾਊਨ ਇੰਡਸਟਰੀ ਦੇ ਕਈ ਸਿਤਾਰੇ ਲੰਬੇ ਸਮੇਂ ਤੋਂ ਚੁੱਪੀ ਸਾਧੇ ਬੈਠੇ ਸਨ ਹਾਲਾਂਕਿ ਹੌਲੀਵੁਡ ਸਿਤਾਰਿਆਂ ਦੇ ਟਵੀਟ ਤੋਂ ਬਾਅਦ ਇਨ੍ਹਾਂ ਸਿਤਾਰਿਆਂ ਨੇ ਚੁੱਪੀ ਤਾਂ ਤੋੜੀ ਪਰ ਕਿਸਾਨਾਂ ਦੇ ਸਮਰਥਨ ‘ਚ ਇੱਕ ਵੀ ਟਵੀਟ ਨਹੀਂ ਕੀਤਾ।
ਅਜਿਹੇ ‘ਚ ਕਿਸਾਨਾਂ ਦਾ ਗੁੱਸਾ ਬੌਲੀਵੁਡ ਸਿਤਾਰਿਆਂ ‘ਤੇ ਨਿਕਲਿਆ ਹੈ। ਪੰਜਾਬ ‘ਚ ਜਾਹਨਵੀ ਕਪੂਰ ਦੀ ਫ਼ਿਲਮ ਗੁਡ ਲਕ ਜੈਰੀ ਦੀ ਸ਼ੂਟਿੰਗ ਰੋਕਣ ਤੋਂ ਬਾਅਦ ਹੁਣ ਕਿਸਾਨਾਂ ਨੇ ਬੌਬੀ ਦਿਓਲ ਦੀ ਆਉਣ ਵਾਲੀ ਫ਼ਿਲਮ ਲਵ ਹੋਸਟਲ ਦੀ ਸ਼ੂਟਿੰਗ ‘ਤੇ ਰੋਕ ਲਗਾ ਦਿੱਤੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਪੰਜਾਬ ਦੇ ਪਟਿਆਲਾ ‘ਚ ਹੋ ਰਹੀ ਸੀ। ਰਿਪੋਰਟ ਮੁਤਾਬਿਕ, ਜਦੋਂ ਬੌਬੀ ਦਿਓਲ ਦੀ ਫ਼ਿਲਮ ਲਈ ਸ਼ੂਟਿੰਗ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਉਥੇ ਕੁੱਝ ਕਿਸਾਨ ਆ ਗਏ ਅਤੇ ਉਨ੍ਹਾਂ ਨੇ ਕਰੂ ਨੂੰ ਉੱਥੋਂ ਵਾਪਿਸ ਜਾਣ ਲਈ ਕਹਿ ਦਿੱਤਾ। ਸੈੱਟ ‘ਤੇ ਪਹੁੰਚ ਕੇ ਕਿਸਾਨਾਂ ਨੇ ਧਰਨਾ ਸ਼ੁਰੂ ਕਰ ਕੇ ਸ਼ੂਟਿੰਗ ਰੁਕਵਾ ਦਿੱਤੀ। ਦੱਸ ਦੇਈਏ ਕਿ ਕਿਸਾਨਾਂ ਨੇ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਓਦੋਂ ਤਕ ਪੰਜਾਬ ‘ਚ ਬੌਲੀਵੁਡ ਫ਼ਿਲਮਾਂ ਦੀ ਸ਼ੂਟਿੰਗ ਨਹੀਂ ਹੋਣ ਦੇਣਗੇ।
ਦਿਓਲ ਪਰਿਵਾਰ ਨਾਲ ਇਸ ਗੱਲ ਦੀ ਹੈ ਨਾਰਾਜ਼ਗੀ
ਕਿਸਾਨਾਂ ਨੇ ਇਸ ਗੱਲ ‘ਤੇ ਨਾਰਾਜ਼ਗੀ ਜਤਾਈ ਹੈ ਕਿ ਨਾ ਤਾਂ BJP MP ਸਨੀ ਦਿਓਲ ਅਤੇ ਨਾ ਹੀ ਧਰਮਿੰਦਰ ਨੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਜਦੋਂ ਕਿ ਉਹ ਪੰਜਾਬ ਤੋਂ ਤਾਲੁਕ ਰੱਖਦੇ ਹਨ। ਉਨ੍ਹਾਂ ਨੇ ਤਾਂ ਦਰਅਸਲ ਕਿਸਾਨ ਸੰਘਰਸ਼ ਦਾ ਵਿਰੋਧ ਹੀ ਕੀਤੈ, ਅਤੇ ਇਸ ਲਈ ਬੌਬੀ ਦਿਓਲ ਦੀ ਫ਼ਿਲਮ ਦੀ ਸ਼ੂਟਿੰਗ ਪੰਜਾਬ ‘ਚ ਨਹੀਂ ਹੋਣ ਦਿੱਤੀ ਜਾਵੇਗੀ। ਹਾਲਾਂਕਿ ਇਸ ਮੌਕੇ ‘ਤੇ ਮੌਜੂਦ ਫ਼ਿਲਮ ਦੀ ਟੀਮ ਨੇ ਦੱਸਿਆ ਕਿ ਪਟਿਆਲਾ ‘ਚ ਸ਼ੂਟਿੰਗ ਕਰਨ ਲਈ ਹਾਲੇ ਤਕ ਬੌਬੀ ਦਿਓਲ ਨਹੀਂ ਸੀ ਆਇਆ ਹੋਇਆ।
ਫ਼ਿਲਮ ਲਵ ਹੋਸਟਲ ਦੀ ਗੱਲ ਕਰੀਏ ਤਾਂ ਇਸ ‘ਚ ਬੌਬੀ ਦਿਓਲ ਤੋਂ ਇਲਾਵਾ ਸਾਨਿਆ ਮਲਹੋਤਰਾ ਅਤੇ ਵਿਕਰਾਂਤ ਮੈਸੀ ਮੁੱਖ ਭੂਮਿਕਾਵਾਂ ‘ਚ ਹਨ। ਇਸ ਫ਼ਿਲਮ ਦਾ ਡਾਇਰੈਕਸ਼ਨ ਸ਼ੰਕਰ ਰਮਨ ਕਰ ਰਹੇ ਹਨ ਅਤੇ ਇਸ ਨੂੰ ਸ਼ਾਹਰੁਖ਼ ਖ਼ਾਨ ਦੀ ਕੰਪਨੀ ਪ੍ਰਡਿਊਸ ਕਰ ਰਹੀ ਹੈ। ਹੁਣ ਦੇਖਣਾ ਇਹ ਹੈ ਕਿ ਫ਼ਿਲਮ ਦੀ ਸ਼ੂਟਿੰਗ ਕਦੋਂ ਅਤੇ ਕਿਥੇ ਹੁੰਦੀ ਹੈ।