ਗੌਹਰ ਖ਼ਾਨ ਨੇ ਵੀ ਕਿਸਾਨਾਂ ਦੇ ਹੱਕ ‘ਚ ਬੁਲੰਦ ਕੀਤੀ ਆਵਾਜ਼, ਰਿਹਾਨਾ ਅਤੇ ਗ੍ਰੈਟਾ ਵਿਰੋਧੀਆਂ ‘ਤੇ ਲਾਏ ਤਵੇ

ਕਿਸਾਨਾਂ ਦੇ ਅੰਦੋਲਨ ਵੱਲ ਧਿਆਨ ਆਕਰਸ਼ਿਤ ਕਰਨ ਵਾਲੀ ਪੌਪ ਸਟਾਰ ਸਿੰਗਰ ਰਿਹਾਨਾ ਦੇ ਟਵੀਟ ਦੇ ਬਾਅਦ ਬੌਲੀਵੁਡ ਦੀਆਂ ਹਸਤੀਆਂ ਸਪੱਸ਼ਟ ਰੂਪ ਨਾਲ ਵੰਡੀਆਂ ਹੋਈਆਂ ਨਜ਼ਰ ਆਈਆਂ। ਉਥੇ ਹੀ ਹੁਣ ਅਦਾਕਾਰਾ ਗੌਹਰ ਖ਼ਾਨ ਨੇ ਰਿਹਾਨਾ, ਗ੍ਰੈਟਾ ਥਨਬਰਗ ਵਰਗੀਆਂ ਵਿਦੇਸ਼ੀ ਹਸਤੀਆਂ ਖ਼ਿਲਾਫ਼ ਭਾਰਤੀ ਹਸਤੀਆਂ ਦੇ ਇਕਜੁੱਟ ਹੋਣ ‘ਤੇ ਸਵਾਲ ਚੁੱਕਿਆ ਹੈ। ਗੌਹਰ ਖ਼ਾਨ ਨੇ ਟਵੀਟ ਕੀਤਾ ਹੈ, ”ਇਹ ਭਾਰਤ ਦਾ ਮਾਮਲਾ ਨਹੀਂ ਸੀ, ਪਰ ਕਈ ਭਾਰਤੀ ਹਸਤੀਆਂ ਨੇ ਇਸ ਦੇ ਸਮਰਥਨ ‘ਚ ਟਵੀਟ ਕੀਤਾ ਸੀ। ਸਾਫ਼ ਹੈ ਕਿ ਹਰ ਜਾਨ ਦੀ ਕੀਮਤ ਹੈ … ਪਰ ਭਾਰਤੀ ਕਿਸਾਨ? ਕੀ ਉਨ੍ਹਾਂ ਦੀ ਜ਼ਿੰਦਗੀ ਮਾਇਨੇ ਨਹੀਂ ਰੱਖਦੀ?” ਗੌਹਰ ਖ਼ਾਨ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਦੱਸ ਦੇਈਏ ਕਿ ਅਮਰੀਕੀ ਸਿੰਗਰ ਦੀ ਟਿੱਪਣੀ ‘ਤੇ ਅਕਸ਼ੇ ਕੁਮਾਰ ਅਤੇ ਅਜੇ ਦੇਵਗਨ ਵਰਗੇ ਵੱਡੇ ਫ਼ਿਲ਼ਮੀ ਸਿਤਾਰਿਆਂ ਦੀ ਪ੍ਰਤੀਕਿਰਆ ਦੀ ਤਾਪਸੀ ਪੰਨੂ ਅਤੇ ਸਵਰਾ ਭਾਸਕਰ ਨੇ ਆਲੋਚਨਾ ਕੀਤੀ ਹੈ। ਅਦਾਕਾਰਾ ਤਾਪਸੀ ਪੰਨੂ, ਫ਼ਿਲ਼ਮਕਾਰ ਓਨਿਰ, ਅਭਿਨੇਤਾ ਅਰਜੁਨ ਮਾਥੁਰ ਅਤੇ ਹੋਰਾਂ ਨੇ ਵੱਡੀ ਫ਼ਿਲ਼ਮੀ ਸਿਤਾਰਿਆਂ ਵਲੋਂ ਸਰਕਾਰ ਦਾ ਸਮਰਥਨ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਟਵਿਟਰ ‘ਤੇ 10 ਕਰੋੜ ਫ਼ੌਲੋਅਰਜ਼ ਨਾਲ ਦੁਨੀਆ ਵਿੱਚ ਚੌਥੀ ਸਭ ਤੋਂ ਜ਼ਿਆਦਾ ਫ਼ੌਲੋ ਕੀਤੀ ਜਾਣ ਵਾਲੀ ਹਸਤੀ ਰਿਹਾਨਾ ਨੇ ਮੰਗਲਵਾਰ ਨੂੰ ਟਵਿਟਰ ‘ਤੇ ਕਿਸਾਨ ਅੰਦੋਲਨ ਨਾਲ ਸਬੰਧਤ ਇੱਕ ਖ਼ਬਰ ਸਾਂਝੀ ਕਰਦੇ ਹੋਏ ਲਿਖਿਆ ਸੀ, ”ਅਸੀਂ ਇਸ ਬਾਰੇ ਵਿੱਚ ਗੱਲ ਕਿਉਂ ਨਹੀਂ ਕਰ ਰਹੇ?” ਰਿਹਾਨਾ ਦੇ ਟਵੀਟ ਦੇ ਬਾਅਦ ਸਵੀਡਨ ਦੀ ਵਾਤਾਵਰਨ ਵਰਕਰ ਗ੍ਰੈਟਾ ਥਨਬਰਗ, ਅਮਰੀਕੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਅਤੇ ਪੇਸ਼ੇ ਤੋਂ ਵਕੀਲ ਮੀਨਾ ਹੈਰਿਸ, ਅਦਾਕਾਰਾ ਅਮੈਂਡਾ ਸੇਰਨੀ, ਗਾਇਕ ਜੇ ਸੀਐਨ, ਡਾਕਟਰ ਜਿਊਸ ਅਤੇ ਸਾਬਕਾ ਪੌਰਨ ਸਟਾਰ ਮਿਆ ਖ਼ਲੀਫ਼ਾ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਸਮਰਥਨ ‘ਚ ਆਵਾਜ਼ ਚੁੱਕੀ ਸੀ।
ਭਾਰਤ ਨੇ ਇਸ ਟਵੀਟ ‘ਤੇ ਬੁੱਧਵਾਰ ਨੂੰ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ, ਜਿਸ ਦਾ ਬਾਲੀਵੁੱਡ ਅਤੇ ਕ੍ਰਿਕਟ ਜਗਤ ਦੀਆਂ ਹਸਤੀਆਂ ਦੇ ਨਾਲ-ਨਾਲ ਸਿਖਰ ਮੰਤਰੀਆਂ ਨੇ ਵੀ ਸਮਰਥਨ ਕੀਤਾ ਸੀ। ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਕੁੱਝ ਨਿਹਿਤ ਸੁਆਰਥੀ ਸਮੂਹ ਪ੍ਰਦਰਸ਼ਨਾਂ ‘ਤੇ ਆਪਣਾ ਏਜੰਡਾ ਥੋਪਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸੰਸਦ ‘ਚ ਪੂਰੀ ਚਰਚਾ ਦੇ ਬਾਅਦ ਪਾਸ ਖੇਤੀ ਸੁਧਾਰਾਂ ਦੇ ਬਾਰੇ ਵਿੱਚ ਦੇਸ਼ ਦੇ ਕੁੱਝ ਹਿੱਸਿਆਂ ‘ਚ ਕਿਸਾਨਾਂ ਦੇ ਬਹੁਤ ਹੀ ਛੋਟੇ ਵਰਗ ਨੂੰ ਕੁੱਝ ਇਤਰਾਜ਼ ਹਨ। ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਕ੍ਰਿਕਟਰ ਵਿਰਾਟ ਕੋਹਲੀ, ਗਾਇਕ ਲਤਾ ਮੰਗੇਸ਼ਕਰ, ਅਦਾਕਾਰ ਅਕਸ਼ੈ ਕੁਮਾਰ ਅਤੇ ਅਜੇ ਦੇਵਗਨ ਅਤੇ ਫ਼ਿਲ਼ਮਕਾਰ ਕਰਣ ਜੌਹਰ ਅਤੇ ਹੋਰ ਨੇ ਇਸ ਮੁੱਦੇ ‘ਤੇ ਸੋਸ਼ਲ ਮੀਡੀਆ ਹੈਸ਼ਟੈਗ ਇੰਡੀਆ ਟੂਗੈਦਰ ਅਤੇ ਇੰਡੀਆ ਅਗੇਂਸਟ ਪ੍ਰੋਪੇਗੈਂਡਾ ਦਾ ਇਸਤੇਮਾਲ ਕਰ ਕੇ ਵਿਦੇਸ਼ ਮੰਤਰਾਲੇ ਦੇ ਬਿਆਨ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਸਰਕਾਰ ਪ੍ਰਤੀ ਇਕਜੁਟਤਾ ਪ੍ਰਗਟ ਕੀਤੀ ਸੀ। ਇਨ੍ਹਾ ਟਵੀਟਾਂ ‘ਚ ਲੋਕਾਂ ਨੂੰ ਦੁਸ਼ਪ੍ਰਚਾਰ ‘ਚ ਸ਼ਾਮਿਲ ਨਾ ਹੋਣ ਅਤੇ ਮਤਭੇਦ ਫ਼ੈਲਾਉਣ ਵਾਲਿਆਂ ‘ਤੇ ਧਿਆਨ ਨਾ ਦੇ ਕੇ ਆਮ ਹੱਲ ਦਾ ਸਮਰਥਨ ਕਰਣ ਦੀ ਅਪੀਲ ਕੀਤੀ ਗਈ ਸੀ। ਫ਼ਿਲ਼ਮ ਜਗਤ ਦੀਆਂ ਕਈ ਹਸਤੀਆਂ ਨੇ ਵੱਡੀਆਂ ਹਸਤੀਆਂ ਦੇ ਇਸ ਤਰ੍ਹਾਂ ਅਚਾਨਕ ਟਵਿਟਰ ‘ਤੇ ਸਰਗਰਮ ਹੋਣ ਅਤੇ ਦੂਜੇ ਪਾਸੇ ਕਿਸਾਨਾਂ ਦੀ ਦੁਰਦਸ਼ਾਂ ‘ਤੇ ਧਿਆਨ ਜਾਂ ਉਸ ਨੂੰ ਸਮਝਣ ‘ਚ ਨਾਕਾਮ ਰਹਿਣ ਨੂੰ ਸ਼ਰਮਨਾਕ ਅਤੇ ਦੁਖਦਾਈ ਕਰਾਰ ਦਿੱਤਾ ਹੈ।