ਭਾਰਤ ‘ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਕਈ ਹੌਲੀਵੁਡ ਹਸਤੀਆਂ ਵੀ ਕਾਫ਼ੀ ਸਰਗਰਮ ਹੋ ਰਹੀਆਂ ਹਨ ਅਤੇ ਖੁੱਲ੍ਹ ਕੇ ਆਪਣਾ ਪੱਖ ਰੱਖ ਰਹੀਆਂ ਹਨ। ਇਨ੍ਹਾਂ ‘ਚੋਂ ਇੱਕ ਬ੍ਰਿਟਿਸ਼ ਅਦਾਕਾਰਾ ਜਮੀਲਾ ਜਮੀਲ ਵੀ ਹੈ ਜਿਸ ਨੇ ਹੁਣ ਇਨਸਟਾਗ੍ਰੈਮ ਰਾਹੀਂ ਪ੍ਰਸ਼ੰਸਕਾਂ ਨਾਲ ਆਪਣਾ ਦਰਦ ਸ਼ੇਅਰ ਕੀਤਾ ਹੈ। ਉਸ ਨੇ ਦੱਸਿਆ ਕਿ ਕਿਸਾਨ ਅੰਦੋਲਨ ਦਾ ਸਮਰਥਨ ਕਰਨ ‘ਤੇ ਉਸ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਰੇਪ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ।
ਜਮੀਲਾ ਨੇ ਇੱਕ ਲੰਬੀ ਚੌੜੀ ਪੋਟਸ ਸ਼ੇਅਰ ਕਰਦੇ ਹੋਏ ਲਿਖਿਐ, ”ਮੈਂ ਭਾਰਤ ‘ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਬੀਤੇ ਕਈ ਮਹੀਨਿਆਂ ਤੋਂ ਬੋਲ ਰਹੀ ਹਾਂ, ਪਰ ਜਦੋਂ ਵੀ ਮੈਂ ਇਹ ਮੁੱਦਾ ਚੁੱਕਦੀ ਹਾਂ ਤਾਂ ਮੈਨੂੰ ਹੱਤਿਆ ਅਤੇ ਰੇਪ ਦੀਆਂ ਧਮਕੀਆਂ ਮਿਲ ਰਹੀਆਂ ਹਨ। ਤੁਸੀਂ ਮੈਨੂੰ ਅਜਿਹੇ ਮੈਸੇਜ ਭੇਜ ਰਹੇ ਹੋ ਇੱਕ ਗੱਲ ਧਿਆਨ ‘ਚ ਰੱਖੋ ਕਿ ਮੈਂ ਵੀ ਇੱਕ ਇਨਸਾਨ ਹਾਂ ਅਤੇ ਮੇਰੀ ਵੀ ਬਰਦਾਸ਼ਤ ਕਰਨ ਦੀ ਇੱਕ ਸੀਮਾ ਹੈ।”
ਉਸ ਨੇ ਅੱਗੇ ਲਿਖਿਆ, ”ਮੈਂ ਭਾਰਤ ‘ਚ ਅੰਦੋਲਨ ਕਰ ਰਹੇ ਕਿਸਾਨਾਂ ਅਤੇ ਹਰ ਉਸ ਸ਼ਖ਼ਸ ਦੇ ਨਾਲ ਖੜ੍ਹੀ ਹਾਂ ਜੋ ਆਪਣੇ ਅਧਿਕਾਰਾਂ ਲਈ ਲੜ ਰਹੇ ਹਨ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਮਰਦਾਂ ਨੂੰ ਵੀ ਅਜਿਹੇ ਮੁੱਦਿਆਂ ‘ਤੇ ਬੋਲਣ ਨੂੰ ਲੈ ਕੇ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਦੇ ਹੋਵੋਗੇ। ਇਸ ਨੂੰ ਪੜ੍ਹ ਰਹੇ ਉਨ੍ਹਾਂ ਸਾਰੇ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਕ੍ਰਿਪਾ ਕਰ ਕੇ ਜੋ ਹੋ ਰਿਹਾ ਹੈ ਉਸ ਦੇ ਬਾਰੇ ‘ਚ ਪੜ੍ਹੋ।”
ਦੱਸ ਦੇਈਏ ਕਿ ਜਮੀਲਾ ਜਮੀਲ ਬ੍ਰਿਟਿਸ਼ ਦੀ ਮਸ਼ਹੂਰ ਅਦਾਕਾਰਾ ਹੈ। ਅਦਾਕਾਰਾ ਤੋਂ ਇਲਾਵਾ ਉਹ ਮਸ਼ਹੂਰ ਮਾਡਲ ਅਤੇ ਲੇਖਿਕਾ ਵੀ ਹੈ। ਉਹ ਹਮੇਸ਼ਾ ਸਾਰੇ ਭਾਈਚਾਰਕ ਮੁੱਦਿਆਂ ‘ਤੇ ਆਪਣੀ ਰਾਏ ਰੱਖਦੀ ਹੈ। ਜਮੀਲਾ ਕੌਮੇਡੀ ਸੀਰੀਜ਼ ਦਾ ਗੁਡ ਪਲੇਸ” ਚ ਆਪਣੇ ਕਿਰਦਾਰ ਲਈ ਜਾਣੀ ਜਾਂਦੀ ਹੈ। ਇਸ ਸੀਰੀਜ਼ ‘ਚ ਉਸ ਨੇ ਤਹਾਨੀ ਅਲ-ਜਮੀਲ ਦਾ ਕਿਰਦਾਰ ਨਿਭਾਇਆ ਸੀ।