ਇੰਗਲੈਂਡ ਨੇ 227 ਦੌੜਾਂ ਨਾਲ ਜਿੱਤਿਆ ਪਹਿਲਾ ਟੈੱਸਟ ਮੈਚ

ਚੇਨਈ – ਲੈੱਫ਼ਟ ਆਰਮ ਸਪਿਨਰ ਜੈਕ ਲੀਚ (76 ਦੌੜਾਂ ‘ਤੇ 4 ਵਿਕਟਾਂ) ਅਤੇ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ (17 ਦੌੜਾਂ ‘ਤੇ 3 ਵਿਕਟਾਂ) ਦੀ ਖ਼ਤਰਨਾਕ ਗੇਂਦਬਾਜ਼ੀ ਨਾਲ ਇੰਗਲੈਂਡ ਨੇ ਭਾਰਤ ਨੂੰ ਪਹਿਲੈ ਕ੍ਰਿਕਟ ਟੈੱਸਟ ਦੇ ਪੰਜਵੇਂ ਅਤੇ ਆਖ਼ਰੀ ਦਿਨ ਮੰਗਲਵਾਰ ਨੂੰ 227 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਕੇ 4 ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਬੜ੍ਹਤ ਬਣਾ ਲਈ ਹੈ।
ਇੰਗਲੈਂਡ ਨੇ ਭਾਰਤ ਦੇ ਸਾਹਮਣੇ 420 ਦੌੜਾਂ ਦਾ ਬੇਹੱਦ ਮੁਸ਼ਕਿਲ ਟੀਚਾ ਰੱਖਿਆ ਸੀ ਅਤੇ ਉਸ ਨੇ ਮੇਜ਼ਬਾਨ ਟੀਮ ਦੀ ਪਾਰੀ ਆਖ਼ਰੀ ਦਿਨ ਦੂਜੇ ਸੈਸ਼ਨ ‘ਚ 192 ਦੌੜਾਂ ‘ਤੇ ਸਮੇਟ ਦਿੱਤੀ। ਇੰਗਲੈਂਡ ਨੇ ਇਸ ਤਰ੍ਹਾਂ ਵਿਦੇਸ਼ੀ ਜ਼ਮੀਨ ‘ਤੇ ਆਪਣੀ ਲਗਾਤਾਰ ਛੇਵੀਂ ਜਿੱਤ ਦਰਜ ਕੀਤੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸੰਘਰਸ਼ਪੂਰਨ 72 ਅਤੇ ਸਲਾਮੀ ਬੱਲੇਬਾਜ਼ੀ ਸ਼ੁਭਮਨ ਗਿੱਲ ਨੇ 50 ਦੌੜਾਂ ਬਣਾਈਆਂ ਪਰ ਉਹ ਟੀਮ ਨੂੰ ਹਾਰ ਤੋਂ ਨਹੀਂ ਬਚਾਅ ਸਕਿਆ। ਭਾਰਤ ਦੇ ਹੋਰ ਬੱਲੇਬਾਜ਼ ਆਸਮਾਨ ਉਛਾਲ ਅਤੇ ਟਰਨ ਲੈਂਦੀ ਪਿੱਚ ‘ਤੇ ਇੰਗਲੈਂਡ ਦੇ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰ ਸਕੇ। ਇੰਗਲੈਂਡ ਵਲੋਂ ਲੀਚ ਨੇ ਚਾਰ, ਐਂਡਰਸਨ ਨੇ ਤਿੰਨ ਅਤੇ ਜੋਫ਼ਰਾ ਆਰਚਰ, ਬੈੱਨ ਸਟੋਕਸ ਅਤੇ ਡੋਮਿਨਿਕ ਬੈੱਸ ਨੇ ਇੱਕ-ਇੱਕ ਵਿਕਟ ਲਈ।