ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1384

ਆਦਰਸ਼ਵਾਦੀ ਅਤੇ ਰੋਮੈਂਟਿਕ ਕਲਪਨਾਵਾਂ ਤੋਂ ਬਿਨਾਂ ਸਾਡੀ ਜ਼ਿੰਦਗੀ ਕਿਹੋ ਜਿਹੀ ਹੁੰਦੀ? ਜਾਂ ਤਾਂ ਉਹ ਇਸ ਤੋਂ ਬਹੁਤ ਜ਼ਿਆਦਾ ਭੈੜੀ ਹੁੰਦੀ ਜਾਂ ਕਾਫ਼ੀ ਬਿਹਤਰ! ਕਈ ਲੋਕ ਕਹਿੰਦੇ ਹਨ ਕਿ ਇਹ ਸਾਡੇ ਕਲਪਨਾਵਾਦੀ ਖ਼ਿਆਲ ਹੀ ਹਨ ਜਿਹੜੇ ਸਾਨੂੰ ਚੱਲਦਾ ਰੱਖਦੇ ਨੇ। ਜਦੋਂ ਜੀਵਨ ਬਹੁਤ ਜ਼ਿਆਦਾ ਔਕੜਾਂ ਭਰਪੂਰ ਹੋਵੇ, ਅਸੀਂ ਭਵਿੱਖ ਬਾਰੇ ਆਪਣੇ ਸੁਪਨਿਆਂ ਦੇ ਸੰਸਾਰ ‘ਚ ਗ਼ੁੰਮ ਹੋ ਜਾਂਦੇ ਹਾਂ ਅਤੇ ਖ਼ੁਦ ਨੂੰ ਯਕੀਨ ਦਿਵਾਉਂਦੇ ਹਾਂ ਕਿ ਇੱਕ ਦਿਨ ਉਹ ਸਭ ਸੱਚ ਹੋ ਨਿਬੜੇਗਾ। ਪਰ ਜੇ ਅਸੀਂ ਅਜਿਹੀਆਂ ਉਮੀਦਾਂ ਪਾਲੀਆਂ ਹੀ ਨਾ ਹੁੰਦੀਆਂ ਤਾਂ ਸਾਡੀ ਮੌਜੂਦਾ ਸਥਿਤੀ ਸਾਨੂੰ ਘੱਟ ਅਸੰਤੁਸ਼ਟੀਜਨਕ ਜਾਪਦੀ। ਇਸ ਵਕਤ ਤੁਹਾਨੂੰ ਆਪਣੀ ਭਾਵਨਾਤਮਕ ਸਥਿਤੀ ਬਾਰੇ ਵਾਸਤਵਿਕ ਬਣਨ ਦੀ ਲੋੜ ਹੈ। ਪਰ ਵਾਸਤਵਿਕ ਵਾਸਤਵਿਕਤਾ ਇੰਨੀ ਭੈੜੀ ਨਹੀਂ।

”ਜੋ ਰੂਹਾਂ ਚਾਹੁੰਦੀਆਂ ਨੇ, ਉਹ ਰੂਹਾਂ ਪਾ ਲੈਂਦੀਆਂ ਨੇ।” ਖ਼ਲੀਲ ਜਿਬਰਾਨ ਇੱਕ ਬਹੁਤ ਹੀ ਨਫ਼ੀਸ ਕਵੀ ਸੀ, ਖ਼ਾਸਕਰ ਇਸ ਲਈ, ਕਿਉਂਕਿ ਉਸ ਨੇ ਇਹ ਦੁਨੀਆਂ ਕਿਵੇਂ ਚੱਲਦੀ ਹੈ ਬਾਰੇ ਢੇਰ ਸਾਰੇ ਸੂਝਵਾਨ ਕਥਨ ਲਿਖੇ। ਉਹ ਚਾਹੁੰਦਾ ਸੀ ਕਿ ਉਸ ਦੀ ਉਪਰੋਕਤ ਸਤਰ ਸ਼ਾਬਦਿਕ ਤੌਰ ‘ਤੇ ਗ੍ਰਹਿਣ ਕੀਤੀ ਜਾਵੇ। ਸਾਡੇ ਸਭਨਾਂ ਅੰਦਰ ਰੂਹਾਂ ਹਨ। ਅਸਲ ‘ਚ, ਅਸੀਂ ਜੋ ਕੁੱਝ ਵੀ ਹਾਂ ਉਨ੍ਹਾਂ ਕਾਰਨ ਹੀ ਹਾਂ। ਸੋ ਫ਼ਿਰ, ਅਜਿਹਾ ਕਿਉਂ ਕਿ ਜੋ ਕੁੱਝ ਅਸੀਂ ਚਾਹੁੰਦੇ ਹਾਂ ਉਸ ਨੂੰ ਹਮੇਸ਼ਾ ਪਾ ਨਹੀਂ ਸਕਦੇ? ਕਿਉਂਕਿ ਅਸੀਂ ਹਰ ਵਕਤ ਆਪਣੀ ਰੂਹ ਦੀ ਗੱਲ ਸੁਣਦੇ ਜੋ ਨਹੀਂ। ਆਹ ਆਇਆ ਜੇ ਇਸ ਬਾਰੇ ਆਪਣੀ ਚੇਤੰਨਤਾ ਨੂੰ ਹੋਰ ਡੂੰਘਾ ਕਰਨ ਦਾ ਮੌਕਾ ਕਿ ਆਖ਼ਿਰ ਤੁਸੀਂ ਕਿਸ ਮਿੱਟੀ ਦੇ ਬਣੇ ਹੋਏ ਹੋ ਅਤੇ ਆਪਣੇ ਕਿਸੇ ਪਿਆਰੇ ਦੀ ਰੂਹ ਨਾਲ ਬਿਹਤਰ ਸਬੰਧ ਸਥਾਪਿਤ ਕਰਨ ਦਾ ਵੀ।

ਕਈ ਵਾਰ ਇੰਝ ਜਾਪਦੈ ਜਿਵੇਂ ਸਾਡਾ ਸੰਸਾਰ ਅਜਿਹੇ ਲੋਕਾਂ ਨਾਲ ਭਰਿਆ ਪਿਐ ਜਿਹੜੇ ਖ਼ੁਦ ਦੀਆਂ ਭਾਵਨਾਵਾਂ ਬਾਰੇ ਪੂਰੀ ਤਰ੍ਹਾਂ ਨਾਲ ਦ੍ਰਿੜ ਹਨ। ਉਹ ਜਾਣਦੇ ਹਨ ਉਨ੍ਹਾਂ ਨੂੰ ਕੀ ਚਾਹੀਦੈ, ਉਹ ਜਾਣਦੇ ਹਨ ਉਹ ਕਿਸ ‘ਤੇ ਵਿਸ਼ਵਾਸ ਕਰਦੇ ਹਨ, ਉਹ ਜਾਣਦੇ ਹਨ (ਜਾਂ ਜਾਣਨ ਦੀ ਉਮੀਦ ਰੱਖਦੇ ਹਨ) ਉਹ ਕੌਣ ਹਨ ਅਤੇ ਉਨ੍ਹਾਂ ਦਾ ਮਕਸਦ ਕੀ ਹੈ। ਸੱਚਮੁੱਚ, ਜਿਹੜੀ ਇਕਲੌਤੀ ਚੀਜ਼ ਬਾਰੇ ਜਾਪਦੈ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਉਹ ਇਹ ਕਿ ਉਹ ਕਿੰਨੇ ਬੋਰਿੰਗ, ਥਕਾਊ ਅਤੇ ਅਣਜਾਣ ਹਨ। ਤੁਸੀਂ ਹਮੇਸ਼ਾ ਆਪਣੀਆਂ ਭਾਵਨਾਵਾਂ ਬਾਰੇ ਬਹੁਤੇ ਦ੍ਰਿੜ ਨਹੀਂ ਹੁੰਦੇ। ਇਹ ਫ਼ਾਇਦੇਮੰਦ ਹੀ ਹੈ, ਨਾ ਕਿ ਨੁਕਸਾਨਦਾਇਕ। ਇਸ ਦਾ ਮਤਲਬ ਹੋਇਆ, ਤੁਸੀਂ ਅਕਸਰ ਸਹੀ ਸਵਾਲ ਪੁੱਛਦੇ ਹੋ। ਇਸ ਦਾ ਇਹ ਮਤਲਬ ਵੀ ਹੋਇਆ ਕਿ ਜਦੋਂ, ਜਿਵੇਂ ਹੁਣ, ਤੁਸੀਂ ਕਿਸੇ ਸ਼ੈਅ ਬਾਰੇ ਬਹੁਤ ਜ਼ਿਆਦਾ ਦ੍ਰਿੜਤਾ ਨਾਲ ਮਹਿਸੂਸ ਕਰਦੇ ਹੋ … ਤੁਸੀਂ ਸ਼ਾਇਦ ਬਿਲਕੁਲ ਠੀਕ ਹੀ ਹੁੰਦੇ ਹੋ।

ਚੀਤੇ ਆਪਣੀਆਂ ਧਾਰੀਆਂ ਬਦਲ ਸਕਦੇ ਹਨ। ਅੰਗ੍ਰੇਜ਼ੀ ਦੀ ਪੁਰਾਣੀ ਕਹਾਵਤ ਕਿ Leopards can’t change their spots ਅਜੋਕੇ ਸੰਸਾਰ ‘ਚ ਸਹੀ ਨਹੀਂ ਢੁਕਦੀ। ਇਹ ਆਧੁਨਿਕ ਸੰਸਾਰ ਹੈ। ਇੱਥੇ ਅੱਜ ਅਸੀਂ DNA ਨੂੰ ਡੀਕੋਡ ਕਰ ਸਕਦੇ ਹਾਂ; ਅਸੀਂ ਕਲੋਨਜ਼ ਬਣਾ ਸਕਦੇ ਹਾਂ ਅਤੇ ਇੱਕ ਨਸਲ ਨਾਲ ਦੂਸਰੀ ਦਾ ਮੇਲ ਕਰਾ ਕੇ ਇੱਕ ਨਵੀਂ ਹੀ ਨਸਲ ਵੀ ਪੈਦਾ ਕਰ ਸਕਦੇ ਹਾਂ। ਕੀ ਅਸੀਂ, ਨਵੀਨ ਵਿਗਿਆਨ ਦੀਆਂ ਇਨ੍ਹਾਂ ਸਾਰੀਆਂ ਪ੍ਰਕਿਰਿਆਵਾਂ ਰਾਹੀਂ ਗੁਜ਼ਰਨ ਤੋਂ ਬਾਅਦ, ਮਨੋਵਿਗਿਆਨਕ ਤੌਰ ‘ਤੇ ਪਹਿਲਾਂ ਨਾਲੋਂ ਵਧੇਰੇ ਆਧੁਨਿਕ ਹੋ ਗਏ ਹਾਂ? ਬਿਲਕੁਲ ਨਹੀਂ। ਚੀਤੇ, ਅਸੀਂ ਬਦਲ ਸਕਦੇ ਹਾਂ ਪਰ ਮਨੁੱਖ ਹਾਲੇ ਵੀ ਓਨਾ ਹੀ ਵੱਡਾ ਰਹੱਸ ਬਣੇ ਹੋਏ ਹਨ ਜਿੰਨੇ ਪਹਿਲਾਂ ਹੁੰਦੇ ਸਨ। ਤੁਹਾਡੇ ਸੰਸਾਰ ਵਿਚਲਾ ਕੋਈ ਵੀ ਵਿਅਕਤੀ ਚੀਤਾ ਨਹੀਂ। ਤੁਸੀਂ ਉਨ੍ਹਾਂ ਦੀਆਂ ਧਾਰੀਆਂ ਤਬਦੀਲ ਨਹੀਂ ਕਰਨਾ ਚਾਹੁੰਦੇ। ਤੁਸੀਂ ਉਨ੍ਹਾਂ ਦਾ ਰਵੱਈਆ ਬਦਲਣ ਦੇ ਇੱਛੁਕ ਹੋ। ਆਪਣੀ ਪੂਰੀ ਵਾਹ ਲਗਾਉਣ ਤੋਂ ਛੁੱਟ ਤੁਸੀਂ ਕੁੱਝ ਹੋਰ ਕਰ ਵੀ ਨਹੀਂ ਸਕਦੇ!

ਤੁਹਾਨੂੰ ਉਸ ਬੰਦੇ ਨੂੰ ਕੁੱਝ ਦੇਣ ਦੀ ਕੀ ਲੋੜ ਹੈ ਜਿਸ ਕੋਲ ਸਭ ਕੁੱਝ ਹੋਵੇ? ਸ਼ਾਇਦ ਤੁਹਾਨੂੰ ਉਸ ਨੂੰ ਕੁੱਝ ਨਾ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ! ਕੁੱਝ ਨਹੀਂ ਸ਼ਾਇਦ ਇਕਲੌਤੀ ਅਜਿਹੀ ਸ਼ੈਅ ਹੋਵੇ ਜਿਹੜੀ ਦੁਰਲਭਤਾ ਦੀ ਪ੍ਰਤੀਨਿਧਤਾ ਕਰਦੀ ਹੋਵੇ। ਅਤੇ ਵੈਸੇ ਵੀ, ਸ਼ਾਇਦ ਸਹੀ ਕਿਸਮ ਦਾ ਕੁੱਝ ਨਾ ਹੋਣਾ ਗ਼ਲਤ ਕਿਸਮ ਦੇ ਕੁੱਝ ਹੋਣ ਨਾਲੋਂ ਬਿਹਤਰ ਹੁੰਦੈ। ਇੱਕ ਵਿਵਾਦਿਤ ਮਾਮਲੇ ਬਾਰੇ ਇਸ ਵਕਤ ਬਹੁਤ ਜ਼ਿਆਦਾ ਬਹਿਸ ਚੱਲ ਰਹੀ ਹੈ। ਉਨ੍ਹਾਂ ਸਾਰਿਆਂ ਨੂੰ ਬੋਲਣ ਦਿਓ, ਪਰ ਉਨ੍ਹਾਂ ਨੂੰ ਸੁਣਨ ਦੀ ਮਜਬੂਰੀ ਬਿਲਕੁਲ ਵੀ ਮਹਿਸੂਸ ਨਾ ਕਰੋ। ਬੇਸ਼ੱਕ ਤੁਹਾਡੇ ਕੋਲ ਉਹ ਸਭ ਕੁੱਝ ਤਾਂ ਨਹੀਂ ਹੋਣਾ ਜੋ ਤੁਸੀਂ ਇੱਛਾ ਕੀਤੀ ਸੀ ਕਿ ਤੁਹਾਡੇ ਕੋਲ ਹੁੰਦਾ, ਪਰ ਤੁਹਾਡੇ ਕੋਲ ਉਹ ਸ਼ੈਅ ਹੈ ਜਿਸ ਦੀ ਤੁਹਾਨੂੰ ਸਭ ਤੋਂ ਵੱਧ ਲੋੜ ਹੈ। ਅਕਲ! ਉਹ ਇੱਕੋ ਸਮੇਂ ‘ਚ ਕੁੱਝ ਨਹੀਂ ਅਤੇ ਸਭ ਕੁੱਝ ਹੈ। ਉਸ ‘ਤੇ ਯਕੀਨ ਕਰੋ।