ਅੰਮ੍ਰਿਤਸਰ – ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ’ਚ ਸਕੂਲਾਂ ਖੋਲ੍ਹਣਾ ਵਿਦਿਆਰਥੀਆਂ ਲਈ ਖ਼ਤਰਾ ਬਣ ਗਿਆ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਦੇ 2 ਅਧਿਆਪਕ ਪਾਜ਼ੇਟਿਵ ਆਉਣ ਤੋਂ ਬਾਅਦ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ, ਜਦੋਂ ਕਿ ਪਾਜ਼ੇਟਿਵ ਅਧਿਆਪਕਾਂ ਤੋਂ ਪੜ੍ਹਨ ਵਾਲੇ ਕਿਸੇ ਵੀ ਵਿਦਿਆਰਥੀ ਦਾ ਕੋਰੋਨਾ ਟੈਸਟ ਨਹੀਂ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਅਜੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਕਿ ਸਰਕਾਰ ਨੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖ਼ੋਲ੍ਹ ਦਿੱਤੇ। ਸਰਕਾਰ ਵੱਲੋਂ ਸਕੂਲ ਖੋਲ੍ਹਣ ਸਬੰਧੀ ਬਕਾਇਦਾ ਹੁਕਮ ਜਾਰੀ ਕੀਤੇ ਗਏ ਹਨ ਪਰ ਅਫ਼ਸੋਸ ਦੀ ਗੱਲ ਹੈ ਕਿ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਹੀਂ ਹੋ ਰਹੀ। ਦੱਸਿਆ ਜਾ ਰਿਹਾ ਹੈ ਕਿ ਮਾਰਵਾੜ ਸਕੂਲ ਦੇ ਜੋ ਅਧਿਆਪਕ ਪਾਜ਼ੇਟਿਵ ਆਏ ਹਨ ਉਹ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ। ਉਕਤ ਅਧਿਆਪਕਾਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਜਿਹੜੇ ਵਿਦਿਆਰਥੀ ਉਨ੍ਹਾਂ ਤੋਂ ਪੜ੍ਹ ਰਹੇ ਸਨ, ਉਨ੍ਹਾਂ ਦੇ ਟੈਸਟ ਨਹੀਂ ਕਰਵਾਏ ਗਏ ਹਨ।
ਸੂਤਰ ਅਨੁਸਾਰ ਜ਼ਿਲ੍ਹੇ ਦੇ ਕਈ ਸਕੂਲਾਂ ’ਚ ਵਿਦਿਆਰਥੀ ਖੰਘ, ਜੁਕਾਮ ਅਤੇ ਬੁਖਾਰ ਤੋਂ ਪੀੜਤ ਹਨ। ਉਨ੍ਹਾਂ ਦੇ ਵੀ ਸਰਕਾਰ ਵੱਲੋਂ ਟੈਸਟ ਨਹੀਂ ਕਰਵਾਏ ਜਾ ਰਹੇ। ਸਰਕਾਰ ਵੱਲੋਂ ਵੱਡੇ ਲੋਕਾਂ ਲਈ ਤਾਂ ਵੈਕਸੀਨੇਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਗਾਈਡਲਾਈਨਜ਼ ਅਨੁਸਾਰ ਛੋਟੇ ਬੱਚਿਆਂ ਲਈ ਵੈਕਸੀਨੇਸ਼ਨ ਦੀ ਅਜੇ ਕੋਈ ਸਹੂਲਤ ਨਹੀਂ ਹੈ। ਇਸ ਹਾਲਤ ’ਚ ਸਕੂਲ ਖੋਲ੍ਹਣਾ ਬੱਚਿਆਂ ਲਈ ਵੱਡਾ ਖ਼ਤਰਾ ਬਣ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਕਈ ਸਕੂਲਾਂ ਦੇ ਅਧਿਆਪਕ ਪਾਜ਼ੇਟਿਵ ਆ ਚੁੱਕੇ ਹਨ। ਵਿਭਾਗ ਵੱਲੋਂ ਖਾਨਾਪੂਰਤੀ ਲਈ ਸਕੂਲਾਂ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਫਿਰ ਖੋਲ੍ਹ ਦਿੱਤਾ ਜਾਂਦਾ ਹੈ। ਸਰਕਾਰ ਵੱਲੋਂ ਸਕੂਲਾਂ ’ਚ ਸੈਨੇਟਾਈਜ਼ਰ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਕਰਨ ਲਈ ਹੁਕਮ ਦਿੱਤੇ ਗਏ ਹਨ ਪਰ ਸਰਕਾਰੀ ਸਕੂਲਾਂ ’ਚ ਫੰਡ ਪ੍ਰਾਪਤ ਨਾ ਹੋਣ ਕਾਰਣ ਕਈ ਸਕੂਲਾਂ ’ਚ ਇਹ ਸਹੂਲਤਾਂ ਵਿਦਿਆਰਥੀਆਂ ਨੂੰ ਨਹੀਂ ਮਿਲ ਰਹੀਆਂ ਹਨ। ਦੇਖਣ ’ਚ ਆਇਆ ਹੈ ਕਿ ਜ਼ਿਆਦਾਤਰ ਸਕੂਲਾਂ ’ਚ ਵਿਦਿਆਰਥੀ ਅੱਜ ਬਿਨਾਂ ਮਾਸਕ ਦੇ ਜਾ ਰਹੇ ਹਨ ਅਤੇ ਸੋਸ਼ਲ ਡਿਸਟੈਂਸ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ।
167 ਸਿਹਤ ਕਰਮਚਾਰੀ ਅਤੇ 571 ਫਰੰਟ ਲਾਈਨ ਵਾਰੀਅਰਸ ਨੇ ਪਾਇਆ ‘ਸੁਰੱਖਿਆ ਕਵਚ’
ਕੋਰੋਨਾ ਵੈਕਸੀਨ ਲਵਾਉਣ ਵਾਲਿਆਂ ਦੀ ਗਿਣਤੀ ਨਿੱਤ ਵਧ ਰਹੀ ਹੈ। ਮੰਗਲਵਾਰ ਜ਼ਿਲੇ ’ਚ ਕੁੱਲ 738 ਨੂੰ ਟੀਕਾ ਲੱਗਿਆ । ਇਨ੍ਹਾਂ ’ਚ 167 ਸਿਹਤ ਕਰਮਚਾਰੀ ਹਨ, ਜਦੋਂਕਿ 571 ਫਰੰਟ ਲਾਈਨ ਵਾਰੀਅਰਸ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ਸਿਵਲ ਹਸਪਤਾਲ ’ਚ ਅੱਜ ਰਿਕਾਰਡਤੋੜ ਟੀਕਾਕਰਨ ਹੋਇਆ ਹੈ ਅਤੇ ਇੱਥੇ ਸਭ ਤੋਂ ਜ਼ਿਆਦਾ 204 ਨੂੰ ਟੀਕਾ ਲਾਇਆ ਗਿਆ। ਇਨ੍ਹਾਂ ’ਚ 17 ਸਿਹਤ ਕਰਮਚਾਰੀ ਸ਼ਾਮਲ ਹਨ, ਜਦੋਂਕਿ 187 ਫਰੰਟ ਲਾਈਨ ਵਾਰੀਅਰਸ। ਇਸ ਤੋਂ ਪਹਿਲਾਂ ਸੋਮਵਾਰ ਇਸ ਹਸਪਤਾਲ ’ਚ 196 ਨੂੰ ਟੀਕਾ ਲਾਇਆ ਗਿਆ ਸੀ।
ਜਾਣਕਾਰੀ ਅਨੁਸਾਰ ਸਿਹਤ ਕਰਮਚਾਰੀਆਂ ਤੋਂ ਬਾਅਦ ਫਰੰਟ ਲਾਈਨ ਵਾਰੀਅਰ ਕੋਰੋਨਾ ਤੋਂ ‘ਸੁਰੱਖਿਆ ਕਵਚ’ ਪਾਉਣ ਲਈ ਵੱਡੀ ਤਾਦਾਦ ’ਚ ਅੱਗੇ ਆ ਰਹੇ ਹਨ। ਪੰਜਾਬ ਪੁਲਸ ਦੇ ਕਰਮਚਾਰੀ ਅਤੇ ਅਧਿਕਾਰੀ ਅੱਗੇ ਆ ਰਹੇ ਹਨ। ਮੰਗਲਵਾਰ ਸਰਕਾਰੀ ਹਸਪਤਾਲਾਂ ’ਚੋਂ ਸੈਟੇਲਾਈਟ ਹਸਪਤਾਲ ਘਨੂੰਪੁਰ ਕਾਲੇ ’ਚ ਰਿਕਾਰਡਤੋੜ ਟੀਕਾਕਰਨ ਹੋਇਆ। ਇੱਥੇ 204 ਫਰੰਟ ਲਾਈਨ ਵਾਰੀਅਰਸ ਨੇ ਟੀਕਾ ਲਵਾਇਆ।
ਮੰਗਲਵਾਰ ਜ਼ਿਲ੍ਹੇ ’ਚ ਟੀਕਾਕਰਨ ਦੀ ਹਾਲਤ ਇਹ ਰਹੀ
ਕਿੱਥੇ ਕਿੰਨਾ ਟੀਕਾਕਰਨ
ਚਿਲਡਰਨ ਓ. ਪੀ. ਡੀ.-30
ਬਾਬਾ ਬਕਾਲਾ-5
ਸਿਵਲ ਹਸਪਤਾਲ 204
ਲੋਪੋਕੇ-27
ਮਾਨਾਂਵਾਲਾ-31
ਰਣਜੀਤ ਐਵੀਨਿਊ-15
ਤਰਸਿੱਕਾ-10
ਵੇਰਕਾ-67
ਰਮਦਾਸ-33
ਘਨੂੰਪੁਰ ਕਾਲੇ-204
ਸਕੱਤਰੀ ਬਾਗ-10
ਅਜਨਾਲਾ-20
ਮਜੀਠਾ-19
ਸਰਕਾਰੀ ਹਸਪਤਾਲ
ਗੁਰੂ ਰਾਮਦਾਸ ਹਸਪਤਾਲ ਵੱਲ੍ਹਾ-63
ਜ਼ਿਲ੍ਹੇ ’ਚ ਮੰਗਲਵਾਰ 13 ਨਵੇਂ ਕੋਰੋਨਾ ਪਾਜ਼ੇਟਿਵ ਰਿਪੋਰਟ ਹੋਏ ਹਨ, ਜਿਨ੍ਹਾਂ ’ਚ 9 ਕਮਿਊਨਿਟੀ ਤੋਂ ਹਨ ਅਤੇ 4 ਸੰਪਰਕ ਵਾਲੇ। ਉੱਥੇ ਹੀ 12 ਪੁਰਾਣੇ ਮਰੀਜ਼ ਤੰਦਰੁਸਤ ਵੀ ਹੋਏ ਹਨ। ਅੰਮ੍ਰਿਤਸਰ ’ਚ ਕੁੱਲ ਪੀੜਤਾਂ ਦੀ ਗਿਣਤੀ 15159 ਹੈ। ਇਨ੍ਹਾਂ ’ਚੋਂ 14420 ਤੰਦਰੁਸਤ ਹੋ ਚੁੱਕੇ ਹਨ, ਜਦੋਂਕਿ ਐਕਟਿਵ ਕੇਸ 154 ਹਨ। ਹੁਣ ਤਕ 585 ਪੀੜਤਾਂ ਦੀ ਮੌਤ ਹੋ ਚੁੱਕੀ ਹੈ।