ਚੰਡੀਗਡ਼੍ਹ : ਜੇਕਰ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਵੱਲੋਂ ਰੱਖਿਆ ਗਿਆ ਅਨੰਦਪੁਰ ਸਾਹਿਬ ਦਾ ਮਤਾ ਉਸ ਵੇਲੇ ਮੰਨਵਾ ਲਿਆ ਜਾਂਦਾ ਤਾਂ ਕੇਂਦਰ ਦੀ ਮਜ਼ਾਲ ਨਹੀਂ ਹੋਣੀ ਸੀ ਕਿ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਕੋਈ ਕਾਨੂੰਨ ਬਣਾ ਸਕਦਾ ਸੀ, ਨਾ ਹੀ ਇਹ ਦਿਨ ਦੇਖਣੇ ਪੈਂਦੇ, ਜੋ ਅੱਜ ਦੇਖ ਰਹੇ ਹਾਂ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਡੈਮੋਕੇਟ੍ਰਿਕ ਦੇ ਸੀਨੀਅਰ ਆਗੂ ਜਥੇਦਾਰ ਰਣਜੀਤ ਸਿੰਘ ਤਲਵੰਡੀ ਤੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਇਹ ਮਤਾ ਮੰਨਵਾ ਲਿਆ ਜਾਂਦਾ ਤਾਂ ਨਾ ਧਰਮ ਯੁੱਧ ਮੋਰਚਾ ਲਗਾਉਣਾ ਪੈਂਦਾ, ਨਾ ਆਪਰੇਸ਼ਨ ਬਲਿਊ ਸਟਾਰ ਦੀ ਨੌਬਤ ਆਉਂਦੀ ਅਤੇ ਨਾ ਹੀ ਸਾਨੂੰ 10 ਸਾਲ ਦਾ ਸੰਤਾਪ ਹੰਢਾ ਕੇ ਹਜ਼ਾਰਾਂ ਨੌਜਵਾਨਾਂ ਦੀ ਕੁਰਬਾਨੀ ਦੇਣੀ ਪੈਂਦੀ। ਇੰਨਾ ਹੀ ਨਹੀਂ 1984 ਦਾ ਸਿੱਖ ਕਤਲੇਆਮ ਵੀ ਨਾ ਹੁੰਦਾ। ਜਥੇਦਾਰ ਰਣਜੀਤ ਸਿੰਘ ਤਲਵੰਡੀ ਅਤੇ ਢੀਂਡਸਾ ਨੇ ਦੱਸਿਆ ਕਿ ਉਸ ਵੇਲੇ ਜਥੇਦਾਰ ਤਲਵੰਡੀ ਦੇ ਸਾਥੀ ਕੇਂਦਰ ਦੇ ਲਾਲਚ ਵਿਚ ਆ ਕੇ ਸਾਥ ਛੱਡ ਗਏ ਅਤੇ ਕੌਮ ਦਾ ਭਵਿੱਖ ਮਿੱਟੀ ਵਿਚ ਰੋਲ ਗਏ। ਅਕਾਲੀ ਦਲ ਦੇ ਆਗੂੁਆਂ ਨੇ ਧੋਖੇ ਨਾਲ ਇਹ ਮੋਰਚਾ ਚੁੱਕਵਾ ਦਿੱਤਾ ਅਤੇ ਜਥੇਦਾਰ ਤਲਵੰਡੀ ਨਾਲ ਅਕਾਲੀ ਦਲ ਦਾ ਕੋਈ ਵੀ ਲੀਡਰ ਨਹੀਂ ਖਡ਼੍ਹਿਆ। ਰਣਜੀਤ ਸਿੰਘ ਤਲੰਵਡੀ ਨੇ ਦੱਸਿਆ ਕਿ ਹੁਣ ਵੀ ਇਹ ਰਾਜਸੀ ਪਾਰਟੀਆਂ ਕਹਿਣ ਨੂੰ ਕਿਸਾਨਾਂ ਦੇ ਨਾਲ ਹਨ ਪਰ ਸਭ ਨੂੰ ਪਤਾ ਹੈ ਕਿ ਜਦੋਂ ਤੱਕ ਆਰਡੀਨੈਂਸ ਕਾਨੂੰਨ ਨਹੀਂ ਬਣ ਗਏ, ਇਹ ਲੋਕ ਇਨ੍ਹਾਂ ਕਾਨੂੰਨਾਂ ਨੂੰ ਕਿਸਾਨਾਂ ਦੇ ਹੱਕ ਵਿਚ ਦੱਸਦੇ ਰਹੇ।
ਹੁਣ ਜਦੋਂ ਸਭ ਜੱਗ-ਜ਼ਾਹਿਰ ਹੋ ਗਿਆ ਤਾਂ ਕਿਸਾਨਾਂ ਦੇ ਹੱਕ ਵਿਚ ਮਗਰਮੱਛੀ ਅੱਥਰੂ ਵਹਾਉਂਦਿਆਂ ਵਜ਼ੀਰੀ ਛੱਡਣ ਦਾ ਢੋਂਗ ਰਚਿਆ ਗਿਆ। ਉਨ੍ਹਾਂ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਪੁੱਤ ਹੋਣ ਦੇ ਨਾਤੇ ਕੌਮ ਨੂੰ ਇਕ ਵਾਰ ਫਿਰ ਵੰਗਾਰਦਿਆਂ ਕਿਹਾ ਕਿ ਇਨ੍ਹਾਂ ਰਾਜਸੀ ਪਾਰਟੀਆਂ ਤੇ ਪੈਸੇ ਦੇ ਪੁੱਤਰਾਂ ਦਾ ਸਾਥ ਛੱਡ ਕੇ, ਕਿਸਾਨਾਂ ਦੀਆਂ ਮੰਗਾਂ ਜੋ ਅਸਲ ਵਿਚ ਰਾਜਾਂ ਦੇ ਅਧਿਕਾਰ ਬਚਾਉਣ ਦੀ ਲਡ਼ਾਈ ਦਾ ਪਹਿਲਾ ਕਦਮ ਹੈ, ਵਿਚ ਜਿੱਤ ਦੀ ਪ੍ਰਾਪਤੀ ਲਈ ਹਰ ਕੁਰਬਾਨੀ ਕਰਨ ਲਈ ਸਾਨੂੰ ਸਭ ਨੂੰ ਤਿਆਰ ਰਹਿਣਾ ਚਾਹੀਦਾ ਹੈ ਤਾਂ ਜੋ ਅਨੰਦਪੁਰ ਸਾਹਿਬ ਮਤੇ ਵੇਲੇ ਕੀਤੀ ਗਲਤੀ ਫਿਰ ਨਾ ਦੁਹਰਾ ਬੈਠੀਏ। ਅਨੰਦਪੁਰ ਸਾਹਿਬ ਦਾ ਮਤਾ ਸਿਰਦਾਰ ਕਪੂਰ ਸਿੰਘ ਵੱਲੋਂ ਲਿਖੇ ਇਸ ਮਤੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਖਾਲਸਾ ਪੰਥ ਦੀ ਜਨਮ-ਭੂਮੀ ਵਿਖੇ 1972 ‘ਚ ਪਾਸ ਕੀਤਾ ਸੀ, ਜਿਸ ਕਾਰਣ ਇਸਦਾ ਨਾਮ ਅਨੰਦਪੁਰ ਸਾਹਿਬ ਦਾ ਮਤਾ ਪੈ ਗਿਆ। 28 ਅਗਸਤ 1977 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਇਜਲਾਸ ਨੇ ਅਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਸੀ। ਅਨੰਦਪੁਰ ਸਾਹਿਬ ਦਾ ਮਤਾ ਸਿੱਖ ਕੌਮ ਦੀ ਵਿਲੱਖਣ, ਮਿਆਰੀ, ਵੱਖਰੀ ਹੋਂਦ, ਹਸਤੀ, ਕੌਮੀਅਤ ਨੂੰ ਕਾਇਮ ਰੱਖਣ ਅਤੇ ਗੁਲਾਮੀ ਦੀਆਂ ਜ਼ਜੀਰਾਂ ਤੋੜ ਕੇ ਖਾਲਸੇ ਦੇ ਉਸ ਰਾਜਨੀਤਕ ਰੁਤਬੇ ਨੂੰ ਮੁੜ ਸੁਰਜੀਤ ਕਰਨ ਦਾ ਸਿੱਧਾ ਰਾਹ ਸੀ।
ਕਿਸਾਨ ਵੀਰਾਂ ਨੂੰ 11 ਫਰਵਰੀ ਨੂੰ ਵੱਧ ਤੋਂ ਵੱਧ ਗਿਣਤੀ ’ਚ ਜਗਰਾਓਂ ਦਾਣਾ ਮੰਡੀ ਪੁੱਜਣ ਦੀ ਅਪੀਲ
ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਉਨ੍ਹਾਂ ਕਿਸਾਨ ਵੀਰਾਂ ਨੂੰ 11 ਫਰਵਰੀ ਨੂੰ ਸਵੇਰੇ 10 ਵਜੇ ਜਗਰਾਓਂ ਦੀ ਦਾਣਾ ਮੰਡੀ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪੁੱਜਣ ਦੀ ਅਪੀਲ ਕੀਤੀ ਤਾਂ ਜੋ ਲੰਮੇ ਸਮੇਂ ਤੋਂ ਸੰਘਰਸ਼ਸ਼ੀਲ ਕਿਸਾਨਾਂ ਦੀ ਜਿੱਤ ਤੇ ਅੰਦੋਲਨ ਨੂੰ ਸਫਲ ਕਰਨ ਲਈ ਉਪਰਾਲਾ ਕੀਤਾ ਜਾ ਸਕੇ।