ਮੁੰਬਈ – ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਮੁਖੀ ਸ਼ਰਦ ਪਵਾਰ ਨੇ ਐਤਵਾਰ ਕਿਹਾ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਜਾਰੀ ਵਿਰੋਧ ਨੂੰ ਦੂਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਨੀਤਿਨ ਗਡਕਰੀ ਜਿਹੇ ਸੀਨੀਅਰ ਕੇਂਦਰੀ ਮੰਤਰੀਆਂ ਨੂੰ ਕਿਸਾਨ ਸੰਗਠਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਸੁਧਾਰਾਂ ਨਾਲ ਸਬੰਧਿਤ ਮਤਭੇਦਾਂ ਨੂੰ ਵਿਚਾਰ-ਵਟਾਂਦਰੇ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਪਵਾਰ ਨੇ ਪੁਣੇ ਜ਼ਿਲੇ ਦੇ ਬਾਰਾਮਤੀ ਵਿਚ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਵਿਚ ਸ਼ਾਮਲ ਹੋਣ ਵਾਲੇ ਪੀਯੂਸ਼ ਗੋਇਲ ਖੇਤੀਬਾੜੀ ਬਾਰੇ ਕਿੰਨਾ ਜਾਣਦੇ ਹਨ, ਮੈਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ।
ਸਾਬਕਾ ਖੇਤੀਬਾੜੀ ਮੰਤਰੀ ਮੁਤਾਬਕ, ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਕਾਰਜਕਾਲ ਦੌਰਾਨ 2003 ਤੋਂ ਹੀ ਖੇਤੀਬਾੜੀ ਸੁਧਾਰ ਲਈ ਕਾਨੂੰਨਾਂ ‘ਤੇ ਚਰਚਾ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਮੇਰੇ ਵੇਲੇ ਵਿਚ ਵੀ ਸੂਬਾ ਸਰਕਾਰਾਂ ਨਾਲ ਚਰਚਾ ਕੀਤੀ ਗਈ ਸੀ ਕਿਉਂਕਿ ਇਹ ਸੂਬੇ ਨਾਲ ਜੁੜਿਆ ਮਸਲਾ ਹੈ। ਕਾਨੂੰਨੀ ਮਸੌਦਾ ਤਿਆਰ ਅਤੇ ਅਧਿਐਨ ਕਰਨ ਲਈ 9 ਸੂਬਿਆਂ ਦੇ ਖੇਤੀਬਾੜੀ ਮੰਤਰੀਆਂ ਦੀ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਮਸੌਦਾ ਤਿਆਰ ਕਰ ਸੂਬਿਆਂ ਤੋਂ ਇਸ ‘ਤੇ ਚਰਚਾ ਕਰਨ ਲਈ ਕਿਹਾ ਗਿਆ ਸੀ ਜਦਕਿ ਮੌਜੂਦਾ ਸਰਕਾਰ ਨੇ ਆਪਣਾ ਕਾਨੂੰਨ ਤਿਆਰ ਕੀਤਾ ਅਤੇ ਬਿਨਾਂ ਚਰਚਾ ਕੀਤੇ ਹੰਗਾਮੇ ਵਿਚਾਲੇ ਇਨ੍ਹਾਂ ਨੂੰ ਸੰਸਦ ਵਿਚ ਪਾਸ ਵੀ ਕਰਾ ਲਿਆ।