ਕਿਸਾਨਾਂ ਨੂੰ ਸਰਕਾਰ ਤਾਰੀਖ਼ ਨਹੀਂ ਬਲਕਿ ਤਜਵੀਜ਼ ’ਤੇ ਤਜਵੀਜ਼ ਦੇ ਰਹੀ ਹੈ : ਪਿਊਸ਼ ਗੋਇਲ

ਨਵੀਂ ਦਿੱਲੀ, – ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਪ੍ਰਤੀ ਬੇਹੱਦ ਸੰਵੇਦਨਸ਼ੀਲ ਹੈ। ਆਤਮ ਨਿਰਭਰ ਭਾਰਤ ਬਜਟ ’ਚ ਕਿਸਾਨਾਂ ਲਈ ਬਹੁਤ ਸਾਰੀਆਂ ਯੋਜਨਾਵਾਂ ਹਨ, ਜਿਸ ਨਾਲ ਨਿਸ਼ਚਿਤ ਤੌਰ ’ਤੇ ਕਿਸਾਨਾਂ ਦਾ ਵਿਕਾਸ ਹੋਵੇਗਾ। ਦੇਸ਼ ਦਾ ਵਿਕਾਸ ਕਿਸਾਨਾਂ ਦੇ ਵਿਕਾਸ ਦੇ ਬਿਨਾਂ ਸੰਭਵ ਨਹੀਂ ਹੈ।
ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਜੋ ਘਟਨਾ ਹੋਈ ਹੈ, ਉਸ ਨੂੰ ਕੋਈ ਚੰਗਾ ਨਹੀਂ ਕਹੇਗਾ ਪਰ ਕਿਸਾਨ ਆਪਣੇ ਹਨ ਅਤੇ ਉਨ੍ਹਾਂ ਨਾਲ ਗੱਲਬਾਤ ਕਰਨਾ ਸਾਡਾ ਕੰਮ ਹੈ। ਸਰਕਾਰ ਵੱਲੋਂ ਕਿਸਾਨਾਂ ਨੂੰ ਤਾਰੀਖ਼ਾਂ ਨਹੀਂ ਬਲਕਿ ਪ੍ਰਸਤਾਵ ’ਤੇ ਪ੍ਰਸਤਾਵ ਦਿੱਤੇ ਜਾ ਰਹੇ ਹਨ ਪਰ ਕਿਸਾਨਾਂ ਵੱਲੋਂ ਹੁਣ ਤੱਕ ਕੋਈ ਵੀ ਠੋਸ ਪ੍ਰਸਤਾਵ ਨਹੀਂ ਮਿਲਿਆ।
ਪ੍ਰੈੱਸ ਕਾਨਫਰੰਸ ’ਚ ਉਨ੍ਹਾਂ ਨੇ ਬਜਟ ’ਚ ਕਿਸਾਨਾਂ ਦੇ ਵਿਕਾਸ ਲਈ ਬਹੁਤ ਸਾਰੀਆਂ ਯੋਜਨਾਵਾਂ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਬਜਟ ਨੂੰ ਫਿਊਚਰ ਇੰਡੀਆ ਦਾ ਫਾਊਂਡੇਸ਼ਨ ਸਟੋਨ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਤੋਂ ਖੇਤੀ ਕਾਨੂੰਨਾਂ ’ਤੇ ਹੁਣ ਤੱਕ ਨਾ ਤਾਂ ਕੋਈ ਠੋਸ ਪ੍ਰਸਤਾਵ ਮਿਲਿਆ ਹੈ ਅਤੇ ਨਾ ਹੀ ਕਿਸਾਨ ਨੇਤਾ ਇਹ ਸਪਸ਼ਟ ਕਰ ਪਾਏ ਹਨ ਕਿ ਨਵਾਂ ਖੇਤੀ ਕਾਨੂੰਨ ਕਿਸ ਤਰ੍ਹਾਂ ਨਾਲ ਉਨ੍ਹਾਂ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨ ਨੂੰ ਲੈ ਕੇ ਪੀ. ਐੱਮ. ਨੇ ਵੀ ਕਿਹਾ ਕਿ ਇਕ ਫੋਨ ਕਰੋ ਪਰ ਕੋਈ ਗੱਲ ਕਰਨ ਲਈ ਅੱਗੇ ਨਹੀਂ ਆ ਰਿਹਾ। ਜੇਕਰ ਕਿਸਾਨਾਂ ਨੂੰ ਲੱਗਦਾ ਹੈ ਕਿ ਨਵੇਂ ਖੇਤੀ ਕਾਨੂੰਨ ਨਾਲ ਨੁਕਸਾਨ ਹੋਣ ਦੀ ਸੰਭਾਵਨਾ ਹੈ ਤਾਂ ਦੱਸਿਆ ਜਾਵੇ। ਸਰਕਾਰ ਹਰੇਕ ਭੁਲੇਖੇ ਨੂੰ ਦੂਰ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਪ੍ਰਸਤਾਵ ’ਤੇ ਪ੍ਰਸਤਾਵ ਦਿੱਤੇ ਪਰ ਕੋਈ ਵੀ ਆ ਕੇ ਇਹ ਤਾਂ ਦੱਸੇ ਕਿ ਗਲਤੀ ਕਿੱਥੇ ਹੈ।
ਪੀਯੁਸ਼ ਗੋਇਲ ਨੇ ਕਿਹਾ ਕਿ ਕੋਈ ਵੀ ਕਾਨੂੰਨ ਦੇਸ਼ ਭਰ ਲਈ ਬਣਾਇਆ ਜਾਂਦਾ ਹੈ ਕਿਸੇ ਇਕ ਵਰਗ ਦੇ ਵਿਰੋਧ ਕਾਰਣ ਉਸ ਨਾਲ ਹੋਣ ਵਾਲੇ ਲਾਭ ਤੋਂ ਕਿਸਾਨਾਂ ਦੇ ਵੱਡੇ ਵਰਗ ਨੂੰ ਵਾਂਝੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਵਿਰੋਧੀ ਕਿਸਾਨਾਂ ਦੇ ਇਕ ਵਰਗ ਨੂੰ ਭੁਲੇਖਾ ’ਚ ਰੱਖਣ ’ਚ ਸਫਲ ਰਿਹਾ ਹੈ। ਪਰ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰ ਰਹੀ ਹੈ।
2030 ਤੱਕ ਰੇਲਵੇ ਪ੍ਰਦੂਸ਼ਣ ਰਹਿਤ ਹੋ ਜਾਵੇਗਾ, ਪੱਛਮੀ ਬੰਗਾਲ ’ਚ ਹੋ ਕੇ ਰਹੇਗਾ ਬਦਲਾਅ
ਗੋਇਲ ਨੇ ਪੱਛਮੀ ਬੰਗਾਲ ਚੋਣਾਂਨਾਲ ਜੁੜੇ ਸਵਾਲ ’ਤੇ ਕਿਹਾ ਕਿ ਇਸ ਵਾਰ ਪੱਛਮੀ ਬੰਗਾਲ ’ਚ ਪੂਰੀ ਤਰ੍ਹਾਂ ਨਾਲ ਬਦਲਾਅ ਆਵੇਗਾ ਅਤੇ ਸੂਬੇ ’ਚ ਭਾਜਪਾ ਸਰਕਾਰ ਬਣਨ ’ਚ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਰੀਬ 47 ਸਾਲ ਪਹਿਲਾਂ ਸੂਬੇ ’ਚ ਇਕ ਪਰਿਯੋਜਨਾ ਲਾਂਚ ਕੀਤੀ ਗਈ ਸੀ ਜੋ ਅੱਜ ਤੱਕ ਸ਼ੁਰੂ ਨਹੀਂ ਹੋਈ। ਉਨ੍ਹਾਂ ਦਾਅਵਾ ਕੀਤਾ ਕਿ ਸਾਲ 2030 ਤੱਕ ਭਾਰਤੀ ਰੇਲਵੇ ਵਿਸ਼ਵ ਦੀ ਪਹਿਲੀ ਪ੍ਰਦੂਸ਼ਣ ਰਹਿਤ ਰੇਲਵੇ ਬਣ ਜਾਵੇਗੀ।
3 ਸਾਲ ਦੇ ਅੰਦਰ ਸਾਰੀਆਂ ਰੇਲਗੱਡੀਆਂ ਡੀਜ਼ਲ ਮੁਕਤ ਹੋ ਜਾਣਗੀਆਂ । ਉਨ੍ਹਾਂ ਕਿਹਾ ਕਿ ਸਾਢੇ ਚਾਰ ਲੱਖ ਮੈਗਾਵਾਟ ਬਿਜਲੀ ’ਤੇ ਅਧਾਰਿਤ ਹੋ ਜਾਵੇਗਾ। ਗੋਇਲ ਨੇ ਕਿਹਾ ਕਿ ਭਵਿੱਖ ’ਚ ਸਿਰਫ ਬਿਜਲੀ ਵਾਲੇ ਵਾਹਨਾਂ ਦੇ ਉਤਪਾਦਨ ’ਤੇ ਜ਼ੋਰ ਹੋਵੇਗਾ।