ਪਾਕਿ ਫ਼ੌਜ ਨੇ ਸ਼ਾਹਪੁਰ-ਕਿਰਨੀ ਸੈਕਟਰ ‘ਚ ਵਰ੍ਹਾਏ ਗੋਲੇ, ਜੈਸ਼ ਦਾ ਸਰਗਨਾ ਹਦਾਇਤੁੱਲ੍ਹਾ ਮਲਿਕ ਗ੍ਰਿਫ਼ਤਾਰ

ਜੰਮੂ- ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਾ ਆਉਂਦੇ ਹੋਏ ਪਾਕਿਸਤਾਨੀ ਫ਼ੌਜ ਨੇ ਸ਼ਨੀਵਾਰ ਰਾਤ ਭਾਰਤੀ ਖੇਤਰ ‘ਚ ਗੋਲੀਬਾਰੀ ਕੀਤੀ ਅਤੇ ਫ਼ੌਜ ਦੀਆਂ ਮੋਹਰਲੀਆਂ ਚੌਕੀਆਂ ਦੇ ਨਾਲ-ਨਾਲ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ। ਭਾਰਤੀ ਫ਼ੌਜ ਨੇ ਇਸ ਦਾ ਮੂੰਹ ਤੋੜ ਜਵਾਬ ਦਿੱਤਾ। ਦੂਜੇ ਪਾਸੇ ਸ਼੍ਰੀਨਗਰ ਜ਼ਿਲ੍ਹੇ ਦੇ ਨੌਗਾਮ ਖੇਤਰ ‘ਚ ਅੱਤਵਾਦੀਆਂ ਨੇ ਸ਼ਨੀਵਾਰ ਸੀ.ਆਰ.ਪੀ.ਐੱਫ. ਦੇ ਜਵਾਨਾਂ ‘ਤੇ ਗੋਲੀਬਾਰੀ ਕੀਤੀ। ਇਸ ਹਮਲੇ ‘ਚ ਇਕ ਜਵਾਨ ਮਨੋਜ ਕੁਮਾਰ ਯਾਦਵ ਜ਼ਖਮੀ ਹੋ ਗਿਆ।
ਇਸ ਦੌਰਾਨ ਜੰਮੂ ਖੇਤਰ ਦੇ ਕੁੰਜਵਾਨੀ ਤੋਂ ਸੁਰੱਖਿਆ ਫ਼ੋਰਸਾਂ ਨੇ ਜੈਸ਼-ਏ-ਮੁਹੰਮਦ ਦੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ। ਉਸ ਦੀ ਪਛਾਣ ਹਦਾਇਤੁੱਲ੍ਹਾ ਮਲਿਕ ਵਜੋਂ ਹੋਈ ਹੈ। ਉਸ ਕੋਲੋਂ ਇਕ ਪਿਸਤੌਲ ਅਤੇ ਇਕ ਹੱਥਗੋਲਾ ਬਰਾਮਦ ਕੀਤਾ ਗਿਆ। ਮੁੱਢਲੀ ਪੁੱਛ-ਗਿੱਛ ਦੌਰਾਨ ਪਤਾ ਲੱਗਾ ਕਿ ਉਹ ਜੰਮੂ ‘ਚ ਅੱਤਵਾਦੀ ਹਮਲੇ ਦੀ ਯੋਜਨਾ ਬਣਾ ਰਿਹਾ ਸੀ।