ਰੋਹਤਕ – ਰੋਹਤਕ ‘ਚ 85 ਫੁੱਟ ਉੱਚੇ ਰਾਸ਼ਟਰੀ ਝੰਡੇ ਦੇ ਸਥਾਪਨਾ ਦਿਵਸ ਦੌਰਾਨ ਹੋਏ ਹਾਦਸੇ ‘ਚ ਭਾਜਪਾ ਨੇਤਾਵਾਂ ਸਮੇਤ ਕਰੀਬ ਅੱਧਾ ਦਰਜਨ ਲੋਕ ਝੁਲਸ ਗਏ। ਹਾਦਸਾ ਇੰਨਾ ਵੱਡਾ ਸੀ ਕਿ ਪ੍ਰੋਗਰਾਮ ‘ਚ ਭੱਜ-ਦੌੜ ਪੈ ਗਈ। ਦਰਅਸਲ ਅੱਜ ਯਾਨੀ ਐਤਵਾਰ ਨੂੰ ਰੋਹਤਕ ਦੀ ਅਨਾਜ ਮੰਡੀ ‘ਚ ਇਕ ਸਮਾਜਿਕ ਪ੍ਰੋਗਰਾਮ ‘ਚ 85 ਫੁੱਟ ਉੱਚੇ ਰਾਸ਼ਟਰੀ ਝੰਡੇ ਦੀ ਸਥਾਪਨਾ ਹੋਣੀ ਸੀ। ਜਿਸ ‘ਚ ਪ੍ਰਸਿੱਧ ਸਮਾਜਸੇਵੀ ਅਤੇ ਉਦਯੋਗਪਤੀ ਰਾਜੇਸ਼ ਜੈਨ, ਭਾਜਪਾ ਦੇ ਸਾਬਕਾ ਮੰਤਰੀ ਮਨੀਸ਼ ਗਰੋਵਰ, ਰੋਹਤਕ ਤੋਂ ਭਾਜਪਾ ਸੰਸਦ ਮੈਂਬਰ ਅਰਵਿੰਦ ਸ਼ਰਮਾ ਦੀ ਪਤਨੀ ਰੀਟਾ ਸ਼ਰਮਾ ਅਤੇ ਉਨ੍ਹਾਂ ਦੀ ਧੀ ਸਮੇਤ ਕਈ ਲੋਕ ਝੁਲਸ ਗਏ। ਇਹੀ ਨਹੀਂ ਉੱਥੇ ਕਵਰੇਜ਼ ਕਰ ਰਹੇ ਕੁਝ ਪੱਤਰਕਾਰ ਵੀ ਅੱਗ ਦੀ ਲਪੇਟ ‘ਚ ਆ ਗਏ। ਸਾਬਕਾ ਮੰਤਰੀ ਮਨੀਸ਼ ਗਰੋਵਰ ਦੇ ਸਿਰ ਦੇ ਕਾਫ਼ੀ ਵਾਲ ਸੜ ਗਏ, ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਸਿਰ ‘ਤੇ ਪਾਣੀ ਪਾਇਆ।
ਪ੍ਰਸਿੱਧ ਸਮਾਜਸੇਵੀ ਅਤੇ ਉਦਯੋਗਪਤੀ ਰਾਜੇਸ਼ ਜੈਨ ਨੇ ਹਾਦਸੇ ਨੂੰ ਲੈ ਕੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਭੀੜ ਵਾਲੇ ਇਲਾਕਿਆਂ ‘ਚ ਗੈਸ ਦੀ ਵਰਤੋਂ ‘ਤੇ ਰੋਕ ਹੋਵੇ। ਦੱਸਣਯੋਗ ਹੈ ਕਿ ਝੰਡਾ ਲਹਿਰਾਉਣ ਦੌਰਾਨ ਉੱਥੇ ਨਾਈਟਰੋਜਨ ਗੈਸ ਨਾਲ ਭਰੇ ਗੁਬਾਰੇ ਛੱਡਣ ਦੀ ਤਿਆਰੀ ਚੱਲ ਰਹੀ ਸੀ। ਇਸੇ ਦੌਰਾਨ ਉੱਥੇ ਆਤਿਸ਼ਬਾਜੀ ਸ਼ੁਰੂ ਕਰ ਦਿੱਤੀ, ਜਿਸ ਨਾਲ ਗੁਬਾਰੇ ‘ਚ ਚਿੰਗਾੜੀ ਲੱਗ ਗਈ ਅਤੇ ਉਸ ਨਾਲ ਮੰਚ ‘ਤੇ ਹੀ ਧਮਾਕਾ ਹੋ ਗਿਆ। ਇਸ ਕਾਰਨ ਮੰਚ ‘ਤੇ ਭੱਜ-ਦੌੜ ਪੈ ਗਈ। ਕਿਸੇ ਨੂੰ ਸਮਝ ਨਹੀਂ ਆਇਆ ਕਿ ਆਖ਼ਰ ਧਮਾਕਾ ਕਿਵੇਂ ਹੋਇਆ।