ਜਲੰਧਰ— ਖੇਤੀ ਕਾਨੂੰਨਾਂ ਦੇ ਵਿਰੋਧ ’ਚ ਅਤੇ ਕਿਸਾਨਾਂ ਦੀ ਰਿਹਾਈ ਸਬੰਧੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੀ ਗਈ ਭਾਰਤ ਬੰਦ ਦੀ ਕਾਲ ਨੂੰ ਲੈ ਕੇ ਅੱਜ ਦੇਸ਼ ਭਰ ’ਚ ਚੱਕਾ ਜਾਮ ਕੀਤਾ ਜਾ ਰਿਹਾ ਹੈ। ਕਿਸਾਨ ਜੱਥੇਬੰਦੀਆਂ ਵੱਲੋੋਂ ਕੀਤਾ ਜਾ ਰਹੇ ਚੱਕਾ ਜਾਮ ਦਾ ਅਸਰ ਮਹਾਨਗਰ ਜਲੰਧਰ ਸ਼ਹਿਰ ’ਚ ਵੀ ਵੇਖਣ ਨੂੰ ਮਿਲਿਆ।
ਮਿਲੀ ਜਾਣਕਾਰੀ ਮੁਤਾਬਕ ਅੱਜ ਜਲੰਧਰ ਦੇ ਸਾਬਕਾ ਡੀ. ਸੀ. ਪੀ. ਬਲਕਾਰ ਸਿੰਘ ਵੀ ਆਪਣੇ ਪਰਿਵਾਰ ਸਮੇਤ ਚੱਕਾ ਜਾਮ ’ਚ ਸ਼ਾਮਲ ਹੋਏ। ਬਲਕਾਰ ਸਿੰਘ ਕਿਸਾਨਾਂ ਦਾ ਵੱਡਾ ਇਕੱਠੇ ਲੈ ਕੇ ਵਡਾਲਾ ਚੌਂਕ ਤੋਂ ਚੱਲੇ ਅਤੇ ਵੱਖ-ਵੱਖ ਚੌਂਕਾਂ ਤੋਂ ਹੁੰਦੇ ਹੋਏ ਇਸ ਧਰਨੇ ਨੂੰ ਪੀ.ਏ.ਪੀ. ਵਿਖੇ ਖ਼ਤਮ ਕਰਨਗੇ।
ਕਿਸਾਨਾਂ ਦਾ ਸਮਰਥਨ ਅਕਾਲੀ ਦਲ ਅਤੇ ਸਮਾਜਿਕ ਸੰਗਠਨਾਂ ਵੱਲੋਂ ਵੀ ਕੀਤਾ ਗਿਆ। ਇਸ ਦੌਰਾਨ ਪੀ. ਏ. ਪੀ. ਚੌਂਕ, ਕਿਸ਼ਨਗੜ੍ਹ, ਪ੍ਰਤਾਪਪੁਰਾ ਅਤੇ ਵਿਧਿਪੁਰ ਹਾਈਵੇਅ ’ਤੇ ਕਿਸਾਨ ਸਮਰਥਕ ਰਸਤਾ ਬੰਦ ਕਰਕੇ ਆਵਾਜਾਈ ਰੋਕ ਰਹੇ ਹਨ।
ਪੀ. ਏ. ਪੀ. ਚੌਂਕ ’ਚ ਕਿਸਾਨ ਜਥੇਬੰਦੀਆਂ ਦੇ ਨਾਲ ਮਾਸੂਮ ਬੱਚੇ ਵੀ ਜੁਟੇ ਦਿਸੇ। ਇਸ ਦੌਰਾਨ ਬੱਚਿਆਂ ਵੱਲੋਂ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਲਗਾ ਕੇ ਮੋਦੀ ਸਰਕਾਰ ਖ਼ਿਲਾਫ਼ ਰਜ ਕੇ ਭੜਾਸ ਕੱਢੀ ਗਈ।
ਇਥੇ ਇਹ ਵੀ ਦੱਸਣਯੋਗ ਹੈ ਕਿ ਜ਼ਰੂਰੀ ਵਸਤੂਆਂ ਦੁਧ, ਫਲ, ਸਬਜ਼ੀਆਂ ਦੀਆਂ ਗੱਡੀਆਂ ’ਤੇ ਕੋਈ ਰੋਕ ਨਹੀਂ ਲੱਗੀ ਹੈ ਅਤੇ ਐਂਬੂਲੈਂਸ ਕੱਢਵਾਉਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ। ਰਾਹਗੀਰਾਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਟ੍ਰੈਫਿਕ ਪੁਲਸ ਵੱਲੋਂ ਬਦਲਵੇਂ ਰਸਤੇ ਦੱਸੇ ਜਾ ਰਹੇ ਹਨ। ਨਕੋਦਰ ਜਲੰਧਰ ਮਾਰਗ ’ਤੇ ਪਿੰਡ ਆਲੋਵਾਲ ਗੇਟ ’ਤੇ ਵੀ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ ਹਨ।
ਟ੍ਰੈਫਿਕ ਪੁਲਸ ਦੇ 140 ਦੇ ਕਰੀਬ ਮੁਲਾਜ਼ਮਾਂ ਦੀ ਹੋਈ ਤਾਇਨਾਤੀ
ਜਾਮ ਨੂੰ ਲੈ ਕੇ ਜੇਕਰ ਕਿਸੇ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਟ੍ਰੈਫਿਕ ਪੁਲਸ ਦੇ þਲਪਲਾਈਨ ਨੰਬਰ 0181-1073 ਅਤੇ 01812227296 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਗਗਨੇਸ਼ ਕੁਮਾਰ ਨੇ ਦੱਸਿਆ ਕਿ ਜਿੱਥੇ ਕਿਤੇ ਵੀ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉਥੇ ਟ੍ਰੈਫਿਕ ਪੁਲਸ ਦੇ ਕਰੀਬ 140 ਮੁਲਾਜ਼ਮ ਤਾਇਨਾਤ ਰਹਿਣਗੇ। ਜਾਮ ’ਚ ਫਸੇ ਵਾਹਨ ਚਾਲਕਾਂ ਨੂੰ ਉਸ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਬਦਲਵੇਂ ਰਸਤੇ ਦੱਸੇ ਜਾ ਰਹੇ ਹਨ।