ਨਵੀਂ ਦਿੱਲੀ- ਰਾਜ ਸਭਾ ‘ਚ ਅੱਜ ਯਾਨੀ ਸ਼ੁੱਕਰਵਾਰ ਨੂੰ ਫਿਰ ਕਿਸਾਨ ਅੰਦੋਲਨ ਦਾ ਮੁੱਦਾ ਚੁੱਕਿਆ ਗਿਆ ਹੈ। ਇਸ ਦੌਰਾਨ ਕਾਂਗਰਸ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨਾਂ ਨੂੰ ਖ਼ਾਲਿਸਤਾਨੀ ਕਹੇ ਜਾਣ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਤੁਸੀਂ ਸਾਨੂੰ ਰਾਸ਼ਟਰਵਾਦ ਨਾ ਸਿਖਾਓ। ਸਾਡੇ ਪੰਜਾਬ ‘ਚ ਹਰ ਮਹੀਨੇ ਇਕ ਬੱਚਾ ਤਿਰੰਗੇ ‘ਚ ਲਿਪਟ ਕੇ ਪਿੰਡ ਪਹੁੰਚਦਾ ਹੈ। ਉਨ੍ਹਾਂ ਨੇ ਸਰਕਾਰ ਤੋਂ ਸਵਾਲ ਕੀਤਾ ਕਿ ਕੋਰੋਨਾ ਕਾਲ ‘ਚ ਚੋਰ ਦਰਵਾਜ਼ੇ ਨਾਲ ਖੇਤੀ ਕਾਨੂੰਨਾਂ ਨੂੰ ਆਰਡੀਨੈਂਸ ਦੇ ਤੌਰ ‘ਤੇ ਲਿਆਉਣ ਦੀ ਕੀ ਜ਼ਰੂਰਤ ਸੀ। ਜਦੋਂ ਇੰਨੇ ਸਾਲ ਇੰਤਜ਼ਾਰ ਕੀਤਾ ਤਾਂ 6 ਮਹੀਨੇ ਹੋਰ ਇੰਤਜ਼ਾਰ ਕਿਉਂ ਨਹੀਂ ਕੀਤਾ ਗਿਆ। ਪ੍ਰਤਾਪ ਸਿੰਘ ਬਾਜਵਾ ਨੇ ਆਪਣਾ ਭਾਸ਼ਣ ਪੰਜਾਬੀ ‘ਚ ਦਿੱਤਾ।
ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ 72 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਕਿਸਾਨਾਂ ਵਲੋਂ 26 ਜਨਵਰੀ ਨੂੰ ਟਰੈਕਟਰ ਪਰੇਡ ਕੱਢੀ ਗਈ ਸੀ। ਟਰੈਕਟਰ ਰੈਲੀ ਦੌਰਾਨ ਹਿੰਸਾ ਹੋ ਗਈ ਸੀ। ਜਿਸ ਤੋਂ ਬਾਅਦ ਕਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਨੇ ਪੁਲਸ ਕਰਮੀਆਂ ‘ਤੇ ਹਮਲਾ ਕੀਤਾ ਸੀ, ਗੱਡੀਆਂ ਪਲਟ ਦਿੱਤੀਆਂ ਸਨ ਅਤੇ ਇਤਿਹਾਸਕ ਲਾਲ ਕਿਲ੍ਹੇ ਅੰਦਰ ਇਕ ਧਾਰਮਿਕ ਝੰਡਾ ਲਗਾ ਦਿੱਤੀ ਸੀ। ਇਸ ਹਿੰਸਾ ਦੇ ਸਿਲਸਿਲੇ ‘ਚ ਪੁਲਸ ਨੇ ਹੁਣ ਤੱਕ 33 ਐੱਫ.ਆਈ.ਆਰ. ਦਰਜ ਕੀਤੀਆਂ ਹਨ ਅਤੇ ਕਿਸਾਨ ਆਗੂਆਂ ਸਮੇਤ 44 ਲੋਕਾਂ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕੀਤੇ ਹਨ।