ਨਵੀਂ ਦਿੱਲੀ/ਸੋਨੀਪਤ : ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਮੋਦੀ ਵਿਰੋਧੀਆਂ ਨੂੰ ਸਾਫ਼ ਕਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਮੰਚ ਤੋਂ ਕੋਈ ਵੀ ਗਾਲ੍ਹ ਨਹੀਂ ਕੱਢ ਸਕਦਾ। ਉਨ੍ਹਾਂ ਕਿਹਾ ਕਿ ਇਹ ਸ਼ਿਕਾਇਤਾਂ ਆ ਰਹੀਆਂ ਹਨ ਕਿ ਲੋਕ ਮੋਦੀ ਜੀ ਨੂੰ ਗਾਲ੍ਹਾਂ ਕੱਢ ਰਹੇ ਹਨ, ਅਜਿਹੇ ਲੋਕ ਸਾਡੇ ਨਹੀਂ ਹੋ ਸਕਦੇ। ਕੋਈ ਵੀ ਆਦਮੀ ਜੋ ਪ੍ਰਧਾਨ ਮੰਤਰੀ ਦੇ ਬਾਰੇ ਵਿਚ ਗਲਤ ਭਾਸ਼ਾ ਦਾ ਇਸਤੇਮਾਲ ਕਰੇਗਾ ਉਹ ਇੱਥੋਂ ਮੰਚ ਛੱਡ ਕੇ ਚਲਾ ਜਾਵੇ। ਇਸ ਸਟੇਜ ਦਾ ਇਸਤੇਮਾਲ ਅਜਿਹੇ ਬਿਆਨਾਂ ਲਈ ਨਹੀਂ ਕਰਣ ਦਿੱਤਾ ਜਾਵੇਗਾ। ਰਾਕੇਸ਼ ਟਿਕੈਤ ਦਾ ਇਹ ਬਿਆਨ ਗਾਜ਼ੀਪੁਰ ਦੀ ਹੱਦ ’ਤੇ ਕੁੱਝ ਨੇਤਾਵਾਂ ਵੱਲੋਂ ਪ੍ਰਧਾਨ ਮੰਤਰੀ ਦੇ ਬਾਰੇ ਵਿਚ ਇਤਰਾਜ਼ਯੋਗ ਟਿੱਪਣੀਆਂ ਕਰਨ ਤੋਂ ਬਾਅਦ ਆਇਆ ਹੈ।
ਦੱਸ ਦੇਈਏ ਕਿ 6 ਫਰਵਰੀ ਨੂੰ 3 ਘੰਟੇ ਲਈ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਜਾਵੇਗਾ। ਸਿੰਘੂ ਸਰਹੱਦ ’ਤੇ ਡਟੇ ਕਿਸਾਨਾਂ ਨੇ ਚੱਕਾ ਜਾਮ ਨੂੰ ਲੈ ਕੇ ਪੂਰੀ ਤਿਆਰ ਕਰ ਲਈ ਹੈ। ਇਸ ਦਿਨ ਨੈਸ਼ਨਲ ਅਤੇ ਸਟੇਟ ਹਾਈਵੇ ਨੂੰ ਰੋਕਿਆ ਜਾਵੇਗਾ। ਇਸ ਵਿਚ ਸਥਾਨਕ ਲੋਕਾਂ ਦੀ ਹਿੱਸੇਦਾਰੀ ਸਭ ਤੋਂ ਜ਼ਿਆਦਾ ਰਹੇਗੀ। ਕਿਸਾਨ ਮੋਰਚੇ ਨੇ ਸਰਕਾਰ ਦੇ ਦੋਸ਼ ਨੂੰ ਸਿਰੇ ਤੋਂ ਨਕਾਰਦੇ ਹੋਏ ਸਾਫ਼ ਕੀਤਾ ਹੈ ਕਿ ਅੰਦੋਲਨ 100 ਫ਼ੀਸਦੀ ਕਿਸਾਨਾਂ ਦਾ ਹੈ।