ਚੰਡੀਗੜ੍ਹ : ਸ਼ਹਿਰ ‘ਚ ਪਏ ਹਲਕੇ ਮੀਂਹ ਤੋਂ ਬਾਅਦ ਮੌਸਮ ‘ਚ ਠੰਡਕ ਵੱਧ ਗਈ। ਵੀਰਵਾਰ ਸਵੇਰੇ 11 ਵਜੇ ਤੋਂ ਬਾਅਦ ਹਲਕੀ ਬੂੰਦਾਬਾਂਦੀ ਸ਼ੁਰੂ ਹੋਈ, ਜਿਸ ਤੋਂ ਬਾਅਦ ਕਾਫ਼ੀ ਮੀਂਹ ਪਿਆ। ਠੰਡ ਨਾਲ ਕੁੱਝ ਦਿਨ ਦੀ ਰਾਹਤ ਤੋਂ ਬਾਅਦ ਇਕ ਵਾਰ ਫਿਰ ਮੌਸਮ ‘ਚ ਬਦਲਾਅ ਦੇ ਆਸਾਰ ਬਣ ਰਹੇ ਹਨ। ਮੌਸਮ ਮਹਿਕਮੇ ਦੇ ਚੰਡੀਗੜ੍ਹ ਕੇਂਦਰ ਦੇ ਨਿਰਦੇਸ਼ਕ ਸੁਰਿੰਦਰ ਪਾਲ ਦੇ ਮੁਤਾਬਕ ਨਾਰਥ ਪਾਕਿਸਤਾਨ ਅਤੇ ਜੇ. ਐਂਡ ਕੇ. ‘ਚ ਵੈਸਟਰਨ ਡਿਸਟਰਬੈਂਸ ਸਰਗਰਮ ਹੈ।
ਇਸ ਕਾਰਣ ਸ਼ਿਮਲਾ ਅਤੇ ਉੱਪਰੀ ਪਹਾੜਾਂ ’ਤੇ ਬਰਫ਼ਬਾਰੀ ਹੋਈ ਹੈ। ਮੈਦਾਨਾਂ ’ਤੇ ਇਸ ਦਾ ਅਸਰ ਹੋਇਆ ਹੈ, ਜਿਸ ਕਾਰਣ ਮੀਂਹ ਪਿਆ ਹੈ। ਇਸ ਨਾਲ ਦਿਨ ਦੇ ਤਾਪਮਾਨ ‘ਚ ਗਿਰਾਵਟ ਆਵੇਗੀ। ਮੀਂਹ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 4 ਡਿਗਰੀ ਘੱਟ ਹੋ ਕੇ 16.5 ’ਤੇ ਪਹੁੰਚ ਗਿਆ ਹੈ, ਉੱਥੇ ਹੀ ਹੇਠਲਾ ਤਾਪਮਾਨ 6 ਡਿਗਰੀ ਘੱਟ ਹੋ ਕੇ 12.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।