ਦੁਬਈ – ਆਸਟਰੇਲੀਆ ‘ਚ ਭਾਰਤ ਦੀ ਇਤਿਹਾਸਕ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਖਿਡਾਰੀਆਂ ‘ਚ ਸ਼ਾਮਿਲ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਇੰਗਲੈਂਡ ਦੇ ਕਪਤਾਨ ਜੋਅ ਰੂਟ ਅਤੇ ਆਇਰਲੈਂਡ ਦੇ ਪੌਲ ਸਟਰਲਿੰਗ ਸਮੇਤ ICC ਦੇ ਮਹੀਨੇ ਦੇ ਸਰਵਸ੍ਰੇਸ਼ਠ ਪੁਰਸ਼ ਖਿਡਾਰੀਆਂ ਦੇ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।
ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਪਹਿਲੀ ਵਾਰ ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ ਲਈ ਨਾਮਜ਼ਦਗੀ ਕੀਤੀ ਹੈ। ਇਸ ਪੁਰਸਕਾਰ ਜ਼ਰੀਏ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਸਰੂਪਾਂ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਣ ਵਾਲੇ ਪੁਰਸ਼ ਅਤੇ ਮਹਿਲਾ ਖਿਡਾਰੀਆਂ ਨੂੰ ਪੂਰੇ ਸਾਲ ਮਾਨਤਾ ਮਿਲਦੀ ਰਹੇਗੀ। 23 ਸਾਲਾ ਪੰਤ ਨੇ ਆਸਟਰੇਲੀਆ ਖ਼ਿਲਾਫ਼ ਸਿਡਨੀ ‘ਚ 97 ਦੋੜਾਂ ਦੀ ਪਾਰੀ ਖੇਡੀ ਸੀ ਜਿਸ ਨਾਲ ਭਾਰਤ ਮੈਚ ਡਰਾਅ ਕਰਾਉਣ ‘ਚ ਸਫ਼ਲ ਰਿਹਾ ਜਦੋਂਕਿ ਬ੍ਰਿਸਬੇਨ ‘ਚ ਉਸ ਦੀਆਂ ਨਾਬਾਦ 89 ਦੌੜਾਂ ਦੀ ਪਾਰੀ ਕਾਰਨ ਭਾਰਤ ਨੇ ਜਿੱਤ ਦਰਜ ਕਰਦੇ ਹੋਏ ਇਤਿਹਾਸਕ ਸੀਰੀਜ਼ ਜਿੱਤੀ ਸੀ।
ਰੂਟ ਨੇ ਜਨਵਰੀ ‘ਚ ਸ਼੍ਰੀ ਲੰਕਾ ਖ਼ਿਲਾਫ਼ ਦੋ ਟੈੱਸਟ ਖੇਡੇ ਅਤੇ 228 ਅਤੇ 186 ਦੌੜਾਂ ਦੀਆਂ ਪਾਰੀਆਂ ਖੇਡ ਕੇ ਆਪਣੀ ਟੀਮ ਦੀ ਟੈੱਸਟ ਸੀਰੀਜ਼ ‘ਚ 2-0 ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ। ਇਸ ਵਰਗ ‘ਚ ਨਾਮਜ਼ਦ ਤੀਜੇ ਖਿਡਾਰੀ ਸਟਰਲਿੰਗ ਨੇ UAE ਖ਼ਿਲਾਫ਼ ਦੋ ਅਤੇ ਅਫ਼ਗ਼ਾਨਿਸਤਾਨ ਖ਼ਿਲਾਫ਼ 3 ਵਨਡੇ ਅੰਤਰਰਾਸ਼ਟਰੀ ਮੈਚ ਖੇਡੇ ਜਿੱਥੇ ਉਸ ਨੇ ਤਿੰਨ ਸੈਂਕੜੇ ਜੜੇ।
ਮਹਿਲਾ ਕ੍ਰਿਕਟਰਾਂ ‘ਚ ਪਾਕਿਸਤਾਨ ਦੀ ਡਾਇਨਾ ਬੇਗ਼ ਅਤੇ ਦੱਖਣੀ ਅਫਰੀਕਾ ਦੀ ਸ਼ਬਨਿਮ ਇਸਮਾਈਲ ਅਤੇ ਮਾਰਿਜੇਨ ਕੈਪ ਨੂੰ ਇਸ ਮਾਸਿਕ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਬੇਗ਼ ਨੇ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਵਨਡੇ ਅਤੇ ਦੋ T-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਖੇਡੀ। ਉਨ੍ਹਾਂ ਨੇ ਵਨਡੇ ਸੀਰੀਜ਼ ‘ਚ ਨੌਂ ਵਿਕਟਾਂ ਲਈਆਂ ਅਤੇ ਸਭ ਤੋਂ ਸਫ਼ਲ ਗੇਂਦਬਾਜ਼ ਰਹੀ।
ਇਸਮਾਈਲ ਨੇ ਵੀ ਪਾਕਿਸਤਾਨ ਖ਼ਿਲਾਫ਼ ਇੰਨੇ ਹੀ ਮੈਚ ਖੇਡੇ। ਉਸ ਨੇ ਵਨਡੇ ਸੀਰੀਜ਼ ‘ਚ ਸੱਤ ਜਦੋਂਕਿ ਦੂਜੇ T-20 ਅੰਤਰਰਾਸ਼ਟਰੀ ‘ਚ ਪੰਜ ਵਿਕਟਾਂ ਲਈਆਂ। ਮਾਰਿਜੇਨ ਨੇ ਪਾਕਿਸਤਾਨ ਖ਼ਿਲਾਫ਼ ਦੋ ਵਨਡੇ ਅਤੇ ਦੋ T-20 ਮੈਚ ਖੇਡੇ ਜਿੱਥੇ ਉਸ ਨੇ 110.57 ਦੇ ਸਟਰਾਈਕ ਰੇਟ ਨਾਲ 115 ਦੌੜਾਂ ਬਣਾਈਆਂ ਅਤੇ ਵਨਡੇ ਸੀਰੀਜ਼ ‘ਚ ਤਿੰਨ ਵਿਕਟਾਂ ਵੀ ਹਾਸਿਲ ਕੀਤੀਆਂ। ਇਨ੍ਹਾਂ ਪੁਰਸਕਾਰ ਦੇ ਜੇਤੂਆਂ ਦਾ ਫ਼ੈਸਲਾ ਹਰ ਮਹੀਨੇ ਦੇ ਦੂਜੇ ਸੋਮਵਾਰ ਨੂੰ ICC ਦੇ ਡਿਜੀਟਲ ਚੈਨਲਾਂ ‘ਤੇ ਕੀਤਾ ਜਾਵੇਗਾ।