ਨਵੀਂ ਦਿੱਲੀ – ਵਨ-ਡੇ ਅਤੇ T-20 ਟੀਮ ਦੇ ਪ੍ਰਮੁੱਖ ਖਿਡਾਰੀਆਂ ‘ਚੋਂ ਇੱਕ ਕੇ. ਐੱਲ. ਰਾਹੁਲ ਆਸਟਰੇਲੀਆ ਖ਼ਿਲਾਫ਼ ਸਿਡਨੀ ‘ਚ ਖੇਡੇ ਗਏ ਤੀਜੇ ਟੈੱਸਟ ਤੋਂ ਪਹਿਲਾਂ ਸੱਟ ਦਾ ਸ਼ਿਕਾਰ ਹੋ ਗਿਆ ਸੀ ਜਿਸ ਕਾਰਨ ਉਸ ਨੂੰ ਬੌਰਡਰ-ਗਾਵਸਕਰ ਟਰੌਫ਼ੀ ਤੋਂ ਬਾਹਰ ਵੀ ਹੋਣਾ ਪਿਆ। ਹੁਣ ਉਹ ਛੇਤੀ ਹੀ ਭਾਰਤੀ ਟੀਮ ਦੇ ਨਾਲ ਜੁੜੇਗਾ।
ਕੇ. ਐੱਲ. ਰਾਹੁਲ ਨੇ ਰਿਹੈਬ ਪੂਰਾ ਹੋਣ ਦੀ ਜਾਣਕਾਰੀ ਦਿੰਦੇ ਹੋਏ ਟਵਿਟਰ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਜਿਸ ‘ਚ ਉਹ ਇੱਕ ਪ੍ਰਾਈਵੇਟ ਜੈੱਟ ‘ਚ ਸਵਾਰ ਹੋ ਰਿਹਾ ਸੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਖਿਡਾਰੀ ਨੇ ਲਿਖਿਆ, ”ਖ਼ੁਸ਼ੀ ਹੈ ਕਿ ਮੇਰਾ ਰਿਹੈਬ ਪੂਰਾ ਹੋ ਗਿਆ ਹੈ। ਫ਼ਿਟ ਅਤੇ ਸਿਹਤਮੰਦ ਰਹਿਣ ਤੋਂ ਬਿਹਤਰ ਕੋਈ ਅਹਿਸਾਸ ਨਹੀਂ। ਹਮੇਸ਼ਾ ਤੋਂ ਸਾਥੀ ਖਿਡਾਰੀਆਂ ਦੇ ਨਾਲ ਵਾਪਸੀ ਦਾ ਆਨੰਦ ਆਉਂਦਾ ਹੈ ਅਤੇ ਭਾਰਤ ਦੀ ਨੁਮਾਇੰਦਗੀ ਕਰਨਾ ਮੇਰੇ ਲਈ ਇੱਕ ਸਨਮਾਨ ਹੈ। ਇੰਗਲੈਂਡ ਖ਼ਿਲਾਫ਼ ਘਰੇਲੂ ਸੀਰੀਜ਼ ਦੇ ਲਈ ਖ਼ੁਦ ਨੂੰ ਦੇਖ ਰਿਹਾ ਹਾਂ।”
ਜ਼ਿਕਰਯੋਗ ਹੈ ਕਿ ਆਸਟਰੇਲੀਆ ‘ਚ ਅਭਿਆਸ ਸੈਸ਼ਨ ਦੌਰਾਨ ਮੈਲਬਰਨ ਕ੍ਰਿਕਟ ਗਰਾਊਂਡ ‘ਚ ਨੈੱਟਸ ‘ਚ ਬੱਲੇਬਾਜ਼ੀ ਕਰਦੇ ਹੋਏ ਰਾਹੁਲ ਦੀ ਖੱਬੀ ਕਲਾਈ ‘ਚ ਮੋਚ ਆ ਗਈ ਸੀ। BCCI ਨੇ ਇੱਕ ਬਿਆਨ ‘ਚ ਕਿਹਾ ਸੀ, ”ਵਿਕਟਕੀਪਰ ਬੱਲੇਬਾਜ਼ ਬੌਰਡਰ-ਗਾਵਸਕਰ ਟਰਾਫ਼ੀ ਦੇ ਬਾਕੀ ਦੇ ਦੋ ਮੈਚਾਂ ਲਈ ਉਪਲਬਧ ਨਹੀਂ ਹੋਵੇਗਾ ਕਿਉਂਕਿ ਉਸ ਨੂੰ ਪੂਰੀ ਤਰ੍ਹਾਂ ਠੀਕ ਹੋਣ ਅਤੇ ਪੂਰੀ ਤਾਕਤ ਹਾਸਿਲ ਕਰਨ ਦੇ ਲਈ ਲਗਭਗ ਤਿੰਨ ਹਫ਼ਤਿਆਂ ਦਾ ਸਮਾਂ ਲੱਗ ਜਾਵੇਗਾ।”