ਮੈਲਬਰਨ – ਭਾਰਤ ਹੱਥੋਂ ਆਸਟਰੇਲੀਆ ਦੀ ਟੈੱਸਟ ਸੀਰੀਜ਼ ‘ਚ ਹਾਰ ਤੋਂ ਬਾਅਦ ਆਲੋਚਕਾਂ ਦੇ ਨਿਸ਼ਾਨੇ ‘ਤੇ ਰਹੇ ਟੀਮ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਉਨ੍ਹਾਂ ਦੀ ਕੋਚਿੰਗ ਸ਼ੈਲੀ ਦੀ ਆਲੋਚਨਾ ਨੂੰ ਆਪਣੇ ਲਈ ਇੱਕ ਚਿਤਾਵਨੀ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਇਸ ਆਲੋਚਨਾ ਨੂੰ ਨਜ਼ਰਅੰਦਾਜ਼ ਨਹੀਂ ਕਰਨਗੇ। ਭਾਰਤੀ ਟੀਮ ਨੇ ਕਈ ਖਿਡਾਰੀਆਂ ਦੇ ਸੱਟ ਦਾ ਸ਼ਿਕਾਰ ਹੋਣ ਦੇ ਬਾਵਜੂਦ ਆਸਟਰੇਲੀਆ ਦੀ ਮਜ਼ਬੂਤ ਟੀਮ ਦੇ ਖ਼ਿਲਾਫ਼ ਚਾਰ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤੀ ਸੀ।
ਸਿਡਨੀ ਮੌਰਨਿੰਗ ਹੈਰਲਡ ਮੁਤਾਬਿਕ, ਰਾਸ਼ਟਰੀ ਟੀਮ ਦੇ ਕੁੱਝ ਖਿਡਾਰੀ ਲੈਂਗਰ ਦੀ ਕੋਚਿੰਗ ਸ਼ੈਲੀ ਤੋਂ ਖ਼ੁਸ਼ ਨਹੀ। ਲੈਂਗਰ ਨੇ ਇਸ ਰਿਪੋਰਟ ਨੁੰ ਬਕਵਾਸ ਕਰਾਰ ਦਿੱਤਾ, ਪਰ ਉਨ੍ਹਾਂ ਨੇ ਆਲੋਚਨਾਵਾਂ ਨੂੰ ਸ਼ਾਨਦਾਰ ਤੋਹਫ਼ੇ ਵਜੋਂ ਕਬੂਲ ਕੀਤਾ। ਉਨ੍ਹਾਂ ਕਿਹਾ, ”ਮੈਂ ਯਕੀਨੀ ਤੌਰ ‘ਤੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਰਿਹਾ ਅਤੇ ਇਹ ਮੇਰੇ ਲਈ ਇੱਕ ਚਿਤਾਵਨੀ ਹੈ। ਜਦੋਂ ਵੀ ਮੈਂ ਆਪਣੇ ਕੋਚਿੰਗ ਕਰੀਅਰ ਦਾ ਅੰਤ ਕਰਾਂਗਾ, ਉਮੀਦ ਹੈ ਓਦੋਂ ਵੀ ਸਿੱਖ ਰਿਹਾ ਹੋਵਾਂਗਾ॥ ਮੈਂ ਇਨ੍ਹਾਂ ਆਲੋਚਨਾਵਾਂ ਨੂੰ ਅਗਲੇ ਕੁੱਝ ਹਫ਼ਤੇ ਜਾਂ ਮਹੀਨਿਆਂ ਤਕ ਸ਼ਾਨਦਾਰ ਤੋਹਫ਼ੇ ਦੇ ਤੌਰ ‘ਤੇ ਲਵਾਂਗਾ।”
ਇਸ ਸਾਬਕਾ ਸਲਾਮੀ ਬੱਲੇਬਾਜ਼ ਦੇ ਕਰਾਰ ‘ਚ ਅਜੇ 18 ਮਹੀਨਿਆਂ ਦਾ ਸਮਾਂ ਬਚਿਆ ਹੈ। ਉਨ੍ਹਾਂ ਕਿਹਾ, ”ਮੇਰੀ ਜ਼ਿੰਦਗੀ ਦੇ ਸਭ ਤੋਂ ਚੰਗੇ ਮੈਂਟੋਰ ਉਹ ਲੋਕ ਹਨ ਜੋ ਮੇਰੇ ਨਾਲ ਸੱਚੀ ਗੱਲ ਕਰਦੇ ਹਨ ਅਤੇ ਮੇਰੀ ਆਲੋਚਨਾ ਕਰਨ ਤੋਂ ਨਹੀਂ ਹਿਚਕਿਚਾਉਂਦੇ। ਮੈਨੂੰ ਹਮੇਸ਼ਾ ਇਸ ਤਰ੍ਹਾਂ ਦੀ ਇਮਾਨਦਾਰ ਪ੍ਰਕਿਰਿਆ ਚਾਹੀਦੀ ਹੈ। ਹੋ ਸਕਦਾ ਹੈ ਕਿ ਕਦੀ ਮੈਨੂੰ ਇਹ ਚੰਗਾ ਨਾ ਲੱਗੇ ਪਰ ਇਹ ਕਾਫ਼ੀ ਉਪਯੋਗੀ ਹੁੰਦੀ ਹੈ।”