ਸਾਰਾ ਦੁੱਧ ਗਾਵਾਂ-ਮੱਝਾਂ ਤੋਂ ਨਹੀਂ ਆਉਂਦਾ। ਵੀਗਨਜ਼ ਮੇਰੀ ਇਸ ਗੱਲ ਦੀ ਤਸਦੀਕ ਕਰਨਗੇ ਕਿ ਅਸੀਂ ਸੋਇਆ ਬੀਨਜ਼, ਬਾਦਾਮਾਂ ਅਤੇ ਇੱਥੋਂ ਤਕ ਕਿ ਓਟਸ ਵਗ਼ੈਰਾ ਤੋਂ ਵੀ ਦੁੱਧ ਪ੍ਰਾਪਤ ਕਰ ਸਕਦੇ ਹਾਂ। ਪਰ ਲੋਕ ਤਾਂ ਇਸ ਗੱਲ ‘ਚ ਵੀ ਮੀਣ ਮੇਖ ਕੱਢਣਗੇ ਕਿ ਕਿਹੜੀ ਕਿਸਮ ਦਾ ਦੁੱਧ ਪੀਣਾ ਸਿਹਤ ਲਈ ਚੰਗਾ ਹੁੰਦੈ ਅਤੇ ਕਿਓਂ। ਸ਼ਾਇਦ ਇਸ ਦਾ ਸਾਰਾ ਸਰੋਕਾਰ ਉਸ ਮਨੋਵਿਗਿਆਨਕ ਅਰਥ ਨਾਲ ਹੈ ਜਿਹੜਾ ਇਸ ਪਦਾਰਥ ਦੇ ਜ਼ਿਕਰ ਨਾਲ ਸਾਡੇ ਮਨਾਂ ਅੰਦਰ ਪਨਪਦੈ। ਦੁੱਧ ਤੋਂ ਅਸੀਂ ਇਹ ਉਮੀਦ ਰੱਖਦੇ ਹਾਂ ਕਿ ਉਹ ਸਾਨੂੰ ਪਾਲੇ ਪੋਸੇ ਅਤੇ ਸਾਡੇ ਲਈ ਪੌਸ਼ਟਿਕ ਹੋਵੇ। ਅਸੀਂ ਆਪਣੀਆਂ ਭਾਵਨਾਵਾਂ ਤੋਂ ਵੀ ਕੁਝ ਇੰਝ ਦੀ ਹੀ ਤਵੱਕੋ ਰੱਖਦੇ ਹਾਂ। ਅਸੀਂ ਉਨ੍ਹਾਂ ਤੋਂ ਦਿਲਾਸਾ ਅਤੇ ਪਿਆਰ ਚਾਹੁੰਦੇ ਹਾਂ – ਅਤੇ, ਆਮਤੌਰ ‘ਤੇ, ਅਸੀਂ ਇਨ੍ਹਾਂ ਦੋਹਾਂ ਚੀਜ਼ਾਂ ਨੂੰ ਇੱਕ ਖ਼ਾਸ ਢੰਗ ਨਾਲ ਅਤੇ ਖ਼ਾਸ ਸ੍ਰੋਤ ਤੋਂ ਹਾਸਿਲ ਚਾਹੁੰਦੇ ਹਾਂ। ਆਪਣੀਆਂ ਚੋਣਾਂ ਨੂੰ ਵਧੇਰੇ ਜੁਗਤ ਨਾਲ ਵਰਤੋ।

ਤੁਹਾਨੂੰ ਪਤਾ ਹੀ ਹੈ ਨਾ ਕਿ ਕਿਵੇਂ, ਕਈ ਵਾਰ, ਜਦੋਂ ਤੁਹਾਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੁੰਦੀ ਹੈ, ਤੁਸੀਂ ਲਲਚਾਵੀਂ ਉਤਸੁਕਤਾ ਨਾਲ ਫ਼ਰਿਜ ਨੂੰ ਖੋਲ੍ਹ ਕੇ ਉਸ ‘ਚ ਝਾਤੀ ਮਾਰਦੇ ਹੋ ਅਤੇ ਅੰਦਰ ਚਾਹੇ ਜਿੰਨਾ ਕੁਝ ਮਰਜ਼ੀ ਪਿਆ ਹੋਵੇ, ਤੁਹਾਨੂੰ ਉਸ ‘ਚ ਕੁਝ ਵੀ ਅਜਿਹਾ ਨਹੀਂ ਦਿਖਦਾ ਜਿਸ ਨੂੰ ਖਾਣ ਲਈ ਤੁਹਾਡਾ ਬਹੁਤ ਹੀ ਮਨ ਹੋਵੇ? ਇਹ ਇੱਕ ਬਹੁਤ ਹੀ ਜਾਣੀ ਪਹਿਚਾਣੀ ਇਨਸਾਨੀ ਹਾਲਤ ਹੈ। ਉਸ ਸ਼ੈਅ ‘ਚ ਸਾਡੀ ਦਿਲਚਸਪੀ ਹਮੇਸ਼ਾ ਜ਼ਿਆਦਾ ਹੁੰਦੀ ਹੈ ਜਿਹੜੀ ਸਾਡੇ ਕੋਲ ਨਾ ਹੋਵੇ ਬਜਾਏ ਉਸ ‘ਚ ਹੋਣ ਦੇ ਜਿਹੜੀ ਸਾਡੇ ਕੋਲ ਮੋਜੂਦ ਹੋਵੇ। ਕਈ ਵਾਰ ਸਾਨੂੰ ਸਿਰਫ਼ ਉਸ ਤੋਂ ਉੱਪਰ ਉੱਠ ਕੇ ਸੋਚਣ ਦੀ ਲੋੜ ਹੁੰਦੀ ਹੈ। ਅਸੀਂ ਆਪਣੇ ਆਪ ਨੂੰ ਬੇਵੱਸੀ ਦੀ ਭਾਵਨਾ ‘ਚ ਗਰਕ ਨਹੀਂ ਹੋਣ ਦੇ ਸਕਦੇ। ਸਾਨੂੰ ਇਹ ਦੇਖਣਾ ਚਾਹੀਦੈ ਕਿ ਕੀ ਮੁਮਕਿਨ ਹੈ, ਅਤੇ ਫ਼ਿਰ ਜੋ ਕੁਝ ਸਾਡੇ ਕੋਲ ਹੈ ਉਸੇ ਨਾਲ ਪੂਰੀ ਵਾਹ ਲਗਾਉਣ ਦਾ ਫ਼ੈਸਲਾ ਕਰ ਲੈਣਾ ਚਾਹੀਦਾ ਹੈ। ਆਪਣੀਆਂ ਆਸਾਂ ਨੂੰ ਬਦਲੋ ਅਤੇ ਫ਼ਿਰ ਡੂੰਘੀ ਸੰਤੁਸ਼ਟੀ ਹਾਸਿਲ ਕਰਨ ਲਈ ਤਿਆਰ ਰਹੋ!

ਵਿਵਸਥਾ ਅਤੇ ਅਵਿਵਸਥਾ ਦਰਮਿਆਨ ਇੱਕ ਅਜੀਬ ਕਿਸਮ ਦਾ ਰਿਸ਼ਤਾ ਹੈ, ਠੀਕ ਉਸੇ ਤਰ੍ਹਾਂ ਦਾ ਜਿਵੇਂ ਸੁਖ ਅਤੇ ਦੁਖ ਜਾਂ ਪੀੜਾ ਅਤੇ ਆਨੰਦ ਵਿਚਕਾਰ। ਪਿਆਰ ਅਤੇ ਨਫ਼ਰਤ ਇੱਕ ਹੀ ਸਿੱਕੇ ਦੇ ਦੋ ਪਾਸੇ ਹਨ। ਸਫ਼ਲਤਾ ਅਤੇ ਅਸਫ਼ਲਤਾ? ਉਹ ਦੋਹੇਂ ਤਾਂ ਲੱਕ ਤੋਂ ਹੀ ਆਪਸ ‘ਚ ਜੁੜੇ ਹੋਏ ਪੈਦਾ ਹੁੰਦੇ ਨੇ। ਇਮਾਨਦਾਰੀ ਅਤੇ ਬੇਇਮਾਨੀ? ਜਨਮ ਤੋਂ ਹੀ ਜੌੜੇ! ਤਾਕਤ ਅਤੇ ਕਮਜ਼ੋਰੀ? ਇਸ ਸੰਸਾਰ ਦਾ ਸਭ ਤੋਂ ਵੱਡਾ ਡਬਲ ਰੋਲ! ਨਰਕ ਅਤੇ ਸਵਰਗ? ਖ਼ੈਰ, ਤੁਸੀਂ ਮੇਰੀ ਗੱਲ ਦਾ ਮੁੱਦਾ ਤਾਂ ਸਮਝ ਗਏ ਹੋਵੋਗੇ, ਮੈਨੂੰ ਇਸ ਦਾ ਪੱਕਾ ਯਕੀਨ ਹੈ। ਹੁਣ ਕਿਰਪਾ ਕਰ ਕੇ ਇਸ ਗੱਲ ਨੂੰ ਵਿਚਾਰੋ, ਕਿਸੇ ਚੀਜ਼ ਜਾਂ ਵਿਅਕਤੀ ਪ੍ਰਤੀ ਤੁਹਾਡਾ ਸ਼ਕਤੀਸ਼ਾਲੀ ਪ੍ਰਤੀਕਰਮ ਕੇਵਲ ਆਪਣੇ ਕਿਸੇ ਅੰਦਰੂਨੀ ਅਸੰਤੁਲਨ ਨੂੰ ਦੂਰ ਕਰਨ ਲਈ ਇੱਕ ਯਾਦ ਪੱਤਰ ਤਾਂ ਨਹੀਂ?

ਇੱਕ ਸਿਆਣੇ ਵਾਰਤਾਲਾਪ ਨਾਲ ਹੀ ਸਾਰਾ ਫ਼ਰਕ ਪੈ ਸਕਦੈ। ਸਿਆਣੇ ਤੋਂ ਮੇਰੀ ਮੁਰਾਦ ਕਪਟੀ ਹਰਗਿਜ਼ ਨਹੀਂ। ਇਮਾਨਦਾਰ ਅਤੇ ਪਾਰਦਰਸ਼ੀ ਬਣੋ। ਜੋ ਸੱਚਮੁੱਚ ਤੁਹਾਡੇ ਦਿਮਾਗ਼ ‘ਚ ਚੱਲ ਰਿਹੈ ਉਸ ਨੂੰ ਬਿਆਨ ਕਰੋ, ਜੋ ਤਹਾਡੇ ਦਿਲ ‘ਚ ਹੈ ਉਹ ਸਾਂਝਾ ਕਰੋ। ਆਪਣੀ ਸਮਝਦਾਰੀ ਦਾ ਇਸਤੇਮਾਲ ਕਰ ਕੇ ਸਹੀ ਪਲ ਚੁਣਨ ‘ਚ ਮਦਦ ਲਵੋ ਅਤੇ ਇਹ ਚੈੱਕ ਕਰਨ ਲਈ ਵੀ ਕਿ ਤੁਸੀਂ ਸਹੀ ਬੰਦੇ ਨਾਲ ਸਹੀ ਸਮੇਂ ‘ਤੇ ਸਹੀ ਗੱਲ ਕਰ ਰਹੇ ਹੋ। ਅਕਸਰ, ਅਸੀਂ ਕੇਵਲ ਆਪਣੇ ਫ਼ਾਇਦੇ ਲਈ ਹੀ ਭਾਸ਼ਣ ਕਰ ਦਿੰਦੇ ਹਾਂ। ਜਦੋਂ ਅਸੀਂ ਆਪਣੀ ਛਾਤੀ ‘ਤੇ ਪਏ ਕਿਸੇ ਬੋਝ ਨੂੰ ਉਤਾਰ ਲੈਂਦੇ ਹਾਂ ਤਾਂ ਇਹ ਸਾਨੂੰ ਚੰਗਾ ਮਹਿਸੂਸ ਕਰਨ ‘ਚ ਮਦਦ ਕਰਦੈ। ਜੇਕਰ ਅਸੀਂ ਸੱਚਮੁੱਚ ਦਾ ਸੰਵਾਦ ਸਿਰਜਣਾ ਚਾਹੁੰਦੇ ਹੋਈਏ ਤਾਂ ਸਾਨੂੰ ਇਹ ਦੇਖਣਾ ਚਾਹੀਦੈ ਕਿ ਸਾਨੂੰ ਸੁਣਿਆ ਕਿਵੇਂ ਜਾ ਰਿਹੈ। ਇੱਕ ਬਹੁਤ ਹੀ ਸ਼ਾਨਦਾਰ ਆਦਾਨ-ਪ੍ਰਦਾਨ ਜਲਦ ਵਾਪਰਨ ਵਾਲੈ।

ਕੋਈ ਗ਼ਲਤੀ ਕਦੋਂ ਗ਼ਲਤੀ ਨਹੀਂ ਹੁੰਦੀ? ਜਦੋਂ ਉਹ ਜਾਣਬੁਝ ਕੇ ਕੀਤੀ ਗਈ ਹੋਵੇ। ਜਦੋਂ ਉਹ ਦਰਅਸਲ ਕੋਈ ਗ਼ਲਤੀ ਨਾ ਹੋਵੇ ਸਗੋਂ ਅਸੀਂ ਗ਼ਲਤੀ ਨਾਲ ਇਹ ਸੋਚ ਰਹੇ ਹੋਈਏ ਕਿ ਉਸ ਨਾਲ ਕੁਝ ਨਾ ਕੁਝ ਗ਼ਲਤ ਹੈ। ਭਾਵਾਨਤਮਕ ਪ੍ਰਤੀਕਿਰਿਆਵਾਂ ਬਹੁਤ ਤਾਕਤਵਰ ਹੁੰਦੀਆਂ ਨੇ, ਅਤੇ ਅਕਸਰ ਗੁੰਮਰਾਹਕੁੰਨ ਵੀ। ਤੁਸੀਂ ਇਸ ਵਕਤ ਕੁਝ ਪ੍ਰਚੰਡ ਘਟਨਾਵਾਂ ਦੀ ਇੱਕ ਅਜਿਹੀ ਲੜੀ ਨਾਲ ਨਜਿੱਠ ਰਹੇ ਹੋ ਜਿਸ ਨੇ ਤੁਹਾਡੇ ਅੰਦਰ ਡੂੰਘੀਆਂ ਭਾਵਨਾਵਾਂ ਜਗਾਈਐਂ। ਤੁਸੀਂ ਪਸ਼ਚਾਤਾਪ ਅਤੇ ਇਲਜ਼ਾਮਬਾਜ਼ੀ ਦੀ ਭਾਵਨਾ ਨਾਲ ਭਰੇ ਹੋਏ ਮਹਿਸੂਸ ਕਰ ਰਹੇ ਹੋ। ਪਰ ਇਸ ਨਾਕਾਰਾਤਮਕਤਾ ਲਈ ਸ਼ਾਇਦ ਤੁਹਾਡੇ ਕੋਲ ਦਲੀਲ ਕੋਈ ਨਹੀਂ। ਹੋਰ ਸਮਾਂ ਗੁਜ਼ਰਨ ਦਿਓ। ਹੋ ਸਕਦੈ ਬਾਅਦ ‘ਚ ਤੁਸੀਂ ਉਸ ਸਭ ਲਈ ਸ਼ੁਕਰਗੁਜ਼ਾਰ ਹੋਵੋ ਜਿਸ ‘ਤੇ ਇਸ ਵਕਤ ਤੁਸੀਂ ਸ਼ੰਕਾ ਕਰ ਰਹੇ ਹੋ।