CM ਕੇਜਰੀਵਾਲ ਨੂੰ ਮਿਲੇ ਕਿਸਾਨ, ਲਾਪਤਾ ਕਿਸਾਨਾਂ ਅਤੇ ਨੌਜਵਾਨਾਂ ਬਾਰੇ ਜੂਡੀਸ਼ੀਅਲ ਜਾਂਚ ਦੀ ਕੀਤੀ ਮੰਗ

ਸੋਨੀਪਤ – ਇਕ ਦਿਨ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਵਲੋਂ ਗਠਿਤ ਕੀਤੀ ਗਈ ਲੀਗਲ ਕਮੇਟੀ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਕਮੇਟੀ ਨੇ ਸਭ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਗ੍ਰਹਿ ਮੰਤਰੀ ਸਤਿੰਦਰ ਜੈਨ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਦਿੱਤਾ। ਲੀਗਲ ਕਮੇਟੀ ਨੇ ਸੀ.ਐੱਮ. ਕੇਜਰੀਵਾਲ ਨੂੰ ਮੰਗ ਕੀਤੀ ਕਿ ਦਿੱਲੀ ਵਿਚ 26 ਜਨਵਰੀ ਨੂੰ ਹਿੰਸਾ ਦੀ ਘੱਟੋ-ਘੱਟ ਜੂਡੀਸ਼ੀਅਲੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚਾਈ ਸਾਰਿਆਂ ਦੇ ਸਾਹਮਣੇ ਆ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਲਾਪਤਾ ਲੋਕਾਂ ਨੂੰ ਲੈ ਕੇ ਖਦਸ਼ਾ ਅਤੇ ਚਿੰਤਾ ਵੀ ਪ੍ਰਗਟਾਈ ਹੈ।
ਦੱਸ ਦਈਏ ਕਿ ਇਸ ਮਾਮਲੇ ਵਿਚ ਕੇਜਰੀਵਾਲ ਨੇ ਕਿਸਾਨਾਂ ਦੇ ਵਫਦ ਨੂੰ ਭਰੋਸਾ ਦਿੱਤਾ ਕਿ ਜਿੰਨੇ ਵੀ ਵਿਭਾਗ ਦਿੱਲੀ ਸਰਕਾਰ ਅਧੀਨ ਆਉਂਦੇ ਹਨ। ਉਥੇ ਕਿਸਾਨਾਂ ਨੂੰ ਪੂਰੀ ਮਦਦ ਦਿੱਤੀ ਜਾਵੇਗੀ। ਇਹੀ ਨਹੀਂ, ਜੋ ਵਿਭਾਗ ਕੇਂਦਰ ਸਰਕਾਰ ਅਧੀਨ ਹਨ ਉਥੇ ਦਿੱਲੀ ਸਰਕਾਰ ਵਲੋਂ ਐੱਲ.ਜੀ. ਰਾਹੀਂ ਚਿੱਠੀ ਵਿਹਾਰ ਕੀਤਾ ਜਾਵੇਗਾ।
ਲੀਗਲ ਕਮੇਟੀ ਦੇ ਸੰਯੋਜਕ ਪ੍ਰੇਮ ਸਿੰਘ, ਬੀਬੀ ਰਵਿੰਦਰ ਕੌਰ, ਸਰਦਾਰ ਕਮਲਜੀਤ ਸਿੰਘ, ਹਰਪਾਲ ਸਿੰਘ, ਵਿਕਾਸ ਇੱਸਰ, ਕਾਮਰੇਡ ਇੰਦਰਜੀਤ ਸਿੰਘ ਤੇ ਰਾਜੇਂਦਰ ਸਿੰਘ ਦੀਪ ਸਿੰਘ ਵਾਲਾ ਆਦਿ ਨੇ ਦੱਸਿਆ ਕਿ ਉਹ ਦਿੱਲੀ ਦੇ ਸੀ.ਐੱਮ. ਨੂੰ ਮਿਲੇ ਹਨ ਅਤੇ ਉਥੋਂ ਉਨ੍ਹਾਂ ਨੂੰ ਜਾਂਚ ਦਾ ਭਰੋਸਾ ਦਿੱਤਾ ਗਿਆ ਹੈ। ਇਸ ਦੌਰਾਨ ਦਿੱਲੀ ਸਰਕਾਰ ਵਲੋਂ ਜਿਹੜੇ 115 ਲੋਕਾਂ ਦੀ ਲਿਸਟ ਦਿੱਤੀ ਗਈ ਹੈ। ਇਸ ਵਿਚ ਕਾਫੀ ਲਾਪਤਾ ਕਿਸਾਨਾਂ ਦਾ ਜ਼ਿਕਰ ਨਹੀਂ ਹੈ। ਇਹ ਕਿਸਾਨ ਕਿੱਥੇ ਹਨ, ਇਸ ਬਾਰੇ ਕੁਝ ਪਤਾ ਨਹੀਂ ਲੱਗ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਇਸ ਸੂਚੀ ਤੋਂ ਵੱਖ ਵੀ ਤਕਰੀਬਨ 30 ਤੋਂ ਵਧੇਰੇ ਕਿਸਾਨ ਅਤੇ ਨੌਜਵਾਨ ਲਾਪਤਾ ਹਨ।