ਰਾਮਪੁਰਾ ਫੂਲ – ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਕਿਸਾਨ ਮਾਰੂ ਤੇ ਲੋਕ ਮਾਰੂ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਾਰਉਣ ਲਈ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਮੋਰਚੇ ਵੱਲੋਂ ਵਿੱਢੇ ਹੋਏ ਅੰਦੋਲਨ ਦੌਰਾਨ ਸਾਂਝੇ ਕਿਸਾਨ ਮੋਰਚੇ ਦੀ ਅਗਵਾਈ ਹੇਠ ਸਥਾਨਕ ਰੇਲਵੇ ਸਟੇਸ਼ਨ ’ਤੇ ਚੱਲ ਰਿਹਾ ਪੱਕਾ ਕਿਸਾਨ ਮੋਰਚਾ ਲਗਾਤਾਰ ਜਾਰੀ ਹੈ। ਅੱਜ ਮੋਰਚੇ ਅੰਦਰ ਹੋਏ ਇਕੱਠ ਨੇ ਐਲਾਨ ਕੀਤਾ ਕਿ ਕੌਮੀ ਮੋਰਚੇ ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ 6 ਫਰਵਰੀ ਨੂੰ ਦੇਸ਼ ਭਰ ’ਚ ਕੀਤੇ ਜਾ ਰਹੇ ਸੜਕੀ ਜਾਮ ’ਚ ਇਲਾਕੇ ਦੇ ਲੋਕ ਵੱਧ ਚੜ੍ਹ ਕੇ ਹਿੱਸਾ ਲੈਣਗੇ ਅਤੇ ਐਕਸ਼ਨ ਨੂੰ ਸਫਲ ਬਣਾਉਣ ਲਈ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ।
ਮੋਰਚੇ ਦੇ ਇਕੱਠ ਨੂੰ ਵੱਖ-ਵੱਖ ਬੁਲਾਰਿਆ ਬੀ. ਕੇ. ਯੂ. ਡਕੌਦਾ ਦੀ ਸੀਨੀਅਰ ਆਗੂ ਗੁਰਦੀਪ ਸਿੰਘ ਸੇਲਬਰਾਹ, ਨੰਬਰਦਾਰ ਬਹਾਦਰ ਸਿੰਘ, ਮੱਖਣ ਸਿੰਘ, ਸੁਖਜਿੰਦਰ ਸਿੰਘ ਰਾਮਪੁਰਾ, ਪਰਮਜੀਤ ਕੌਰ ਢਿਪਾਲੀ, ਹਰਬੰਸ ਕੌਰ ਕਰਾੜਵਾਲਾ, ਬੀ. ਕੇ. ਯੂ. ਸਿੱਧੂਪੁਰ ਦੇ ਬਲਕਰਨ ਸਿੰਘ ਪਿੱਥੋ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਕ ਪਾਸੇ ਲੱਖਾਂ ਕਿਸਾਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੇ ਘੱਟੋ-ਘੱਟ ਫਸਲਾਂ ਦੇ ਸਮਰਥਨ ਮੁੱਲ ਦੀ ਕਾਨੂੰਨਨ ਗਾਰੰਟੀ ਦੀ ਤੇ ਹੋਰਨਾਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਦੂਜੇ ਪਾਸੇ ਕੇਂਦਰ ਸਰਕਾਰ ਹਰ ਰੋਜ਼ ਕਿਸਾਨ-ਕਿਸਾਨ ਕਰਦੀ ਤੇ ਦੁੱਗਣੀ ਆਮਦਨ ਕਰਨ ਦੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਹਾਲੀਆ ਪੇਸ਼ ਕੀਤੇ ਗਏ ਬਜਟ ਅੰਦਰ ਖੇਤੀ ਮਾਮਲਿਆਂ ਤੇ ਕਿਸਾਨ ਭਲਾਈ ਲਈ ਚੱਲਦੀਆਂ ਯੋਜਨਾਵਾਂ ’ਚ ਬਜਟ ਰਾਸ਼ੀ ਪਿਛਲੇ ਬਜਟ ਨਾਲੋਂ ਵਧਾਉਣ ਦੀ ਥਾਂ ਘਟਾ ਦਿੱਤੀ ਗਈ ਹੈ, ਜਿਸ ਤੋਂ ਸਾਫ਼ ਹੁੰਦਾ ਹੈ ਕਿ ‘ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ’ ਵਾਂਗ ਕਹਿਣੀ ਤੇ ਕਰਨੀ ’ਚ ਢੇਰ ਅੰਤਰ ਹੈ।
ਉਨ੍ਹਾਂ 6 ਫਰਵਰੀ ਦੇ ਐਕਸ਼ਨ ਬਾਰੇ ਕਿਹਾ ਕਿ ਸੜਕੀ ਜਾਮ ਦੁਪਹਿਰ 12 ਤੋਂ 3 ਵਜੇ ਤੱਕ ਲਾਇਆ ਜਾਵੇਗਾ , ਜਿਸ ਲਈ ਹਰ ਵਰਗ ਉਸ ਦਿਨ ਸਹਿਯੋਗ ਕਰੇ। ਅੱਜ ਦੀ ਭੁੱਖ ਹੜਤਾਲ ’ਚ ਤਰਸੇਮ ਕੌਰ, ਗੁਰਜੀਤ ਕੌਰ, ਗੁਰਮੀਤ ਕੌਰ, ਪਿੰਡ ਕਰਾੜਵਾਲਾ ਤੋਂ ਮਲਕੀਤ ਕੌਰ, ਸੁਖਵਿੰਦਰ ਕੌਰ, ਹਰਬੰਸ ਕੌਰ, ਸੁਖਦੇਵ ਕੌਰ, ਮਿੱਤ ਕੌਰ ਆਦਿ ਸ਼ਾਮਲ ਹੋਏ।