ਦਿੱਲੀ ਪੁਲਸ ਦਾ ਵੱਡਾ ਐਲਾਨ, ਦੀਪ ਸਿੱਧੂ ਦੀ ਸੂਚਨਾ ਦੇਣ ਵਾਲੇ ਨੂੰ ਦੇਵੇਗੀ ਇਕ ਲੱਖ ਇਨਾਮ

ਨਵੀਂ ਦਿੱਲੀ- ਦਿੱਲੀ ਪੁਲਸ ਵਲੋਂ ਦਿੱਲੀ ਹਿੰਸਾ ਦੇ ਦੋਸ਼ੀਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਦਿੱਲੀ ਹਿੰਸਾ ਨੂੰ ਲੈ ਕੇ ਪੁਲਸ ਵਲੋਂ 8 ਲੋਕਾਂ ‘ਤੇ ਇਨਾਮ ਐਲਾਨ ਕੀਤਾ ਗਿਆ ਹੈ। ਹਿੰਸਾ ਦੇ ਦੋਸ਼ ‘ਚ ਮੁਲਜ਼ਮ ਦੀਪ ਸਿਧੂ, ਜੁਗਰਾਜ, ਗੁਰਜੋਤ ਸਿੰਘ ਅਤੇ ਗੁਰਜੰਤ ਸਿੰਘ ‘ਤੇ ਇਕ-ਇਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਬਾਕੀ 4 ਲੋਕਾਂ ਜਜਬੀਰ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ ਅਤੇ ਇਕਬਾਲ ਸਿੰਘ ਦੀ ਸੂਚਨਾ ਦੇਣ ਵਾਲੇ ਨੂੰ ‘ਤੇ 50-50 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਨ੍ਹਾਂ ਦੀ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਫ਼ਿਲਹਾਲ ਸਾਰੇ ਮੁਲਜ਼ਮ ਫਰਾਰ ਚੱਲ ਰਹੇ ਹਨ। ਇਨ੍ਹਾਂ ਮੁਲਜ਼ਮਾਂ ‘ਤੇ ਲਾਲ ਕਿਲ੍ਹੇ ‘ਤੇ ਧਾਰਮਿਕ ਝੰਡਾ ਲਹਿਰਾਉਣ ਦਾ ਦੋਸ਼ ਹੈ।
ਦੱਸਣਯੋਗ ਹੈ ਕਿ ਪੰਜਾਬੀ ਅਦਾਕਾਰ ਦੀਪ ਸਿੱਧੂ 26 ਜਨਵਰੀ ਮੌਕੇ ਦਿੱਲੀ ਵਿਖੇ ਹੋਏ ਘਟਨਾਕ੍ਰਮ ਤੋਂ ਬਾਅਦ ਵਿਵਾਦਾਂ ’ਚ ਘਿਰ ਗਿਆ ਹੈ। ਦੀਪ ਸਿੱਧੂ ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਤੇ ਝੰਡਾ ਲਹਿਰਾ ਕਰਕੇ ਸੁਰਖ਼ੀਆਂ ’ਚ ਆ ਗਏ ਸਨ। ਇਹ ਵਿਵਾਦ ਉਦੋਂ ਸਾਹਮਣੇ ਆਇਆ, ਜਦੋਂ ਦੀਪ ਸਿੱਧੂ ਨੇ ਲਾਈਵ ਹੋ ਕੇ ਲਾਲ ਕਿਲੇ ’ਤੇ ਕੇਸਰੀ ਝੰਡਾ ਲਹਿਰਾਉਣ ਨੂੰ ਲੈ ਕੇ ਇਕ ਲਾਈਵ ਵੀਡੀਓ ਸਾਂਝੀ ਕੀਤੀ। ਦੀਪ ਨੇ ਜਥੇਬੰਦੀਆਂ ਦੀ ਇਜਾਜ਼ਤ ਤੋਂ ਬਿਨਾਂ ਇਹ ਕਦਮ ਚੁੱਕਿਆ ਹੈ, ਜਿਸ ’ਤੇ ਹੁਣ ਕਿਸਾਨ ਜਥੇਬੰਦੀਆਂ ਵੀ ਐਕਸ਼ਨ ਲੈ ਰਹੀਆਂ ਹਨ।