ਜਲਾਲਾਬਾਦ ਦੀ ਝੜਪ ਤੋਂ ਬਾਅਦ ਸ਼ੇਰ ਘੁਬਾਇਆ ਦਾ ਸੁਖਬੀਰ ਬਾਦਲ ‘ਤੇ ਵੱਡਾ ਬਿਆਨ

ਜਲਾਲਾਬਾਦ : ਮੰਗਲਵਾਰ ਨੂੰ ਜਲਾਲਾਬਾਦ ਦੀ ਤਹਿਸੀਲ ਕੰਪਲੈਕਸ ’ਚ ਹੋਈ ਹਿੰਸਕ ਝੜਪ ਤੋਂ ਬਾਅਦ ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ’ਚ ਭਾਜਪਾ ਨੂੰ ਛੱਡ ਬਾਕੀ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਕਾਲੇ ਚੋਲੇ ਪਾ ਕੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਬੈਠੇ ਹਨ ਅਤੇ ਪੰਜਾਬ ਤੇ ਹੋਰ ਸੂਬਿਆਂ ਦੇ ਕਿਸਾਨ 2 ਮਹੀਨਿਆਂ ਤੋਂ ਠੰਡੀਆਂ ਰਾਤਾਂ ’ਚ ਦਿੱਲੀ ਬੈਠੇ ਹਨ ਜਦਕਿ ਸੁਖਬੀਰ ਸਿੰਘ ਬਾਦਲ ਜਲਾਲਾਬਾਦ ’ਚ ਆਪਣੀ ਸਿਆਸੀ ਜ਼ਮੀਨ ਬਚਾਉਣ ਲਈ ਗੁੰਡਾ ਅੰਸਰਾਂ ਦਾ ਸਹਾਰਾ ਲੈ ਕੇ ਮਾਹੌਲ ਖਰਾਬ ਕਵਾ ਰਹੇ ਹਨ। ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਪੰਜਾਬ ’ਚ ਅਕਾਲੀ ਦਲ ਦਾ ਵਜੂਦ ਖ਼ਤਰੇ ’ਚ ਹੈ ਅਤੇ ਹੁਣ ਸਿਰਫ਼ ਆਪਣੇ ਵਜੂਦ ਨੂੰ ਕਾਇਮ ਰੱਖਣ ਲਈ ਹਿੰਸਕ ਝੜਪਾ ਦਾ ਸਹਾਰਾ ਲਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਕਿਸਾਨੀ ਮੁੱਦਿਆਂ ਨੂੰ ਲੈ ਕੇ ਸਰਬ ਪਾਰਟੀ ਮੀਟਿੰਗ ਬੁਲਾਈ ਗਈ ਸੀ ਜਿਸ ’ਚ ਅਕਾਲੀ ਦਲ ਦੇ ਪ੍ਰਧਾਨ ਦਾ ਹੋਣਾ ਵੀ ਲਾਜ਼ਮੀ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤਾਂ ਨਗਰ ਕੌਂਸਲ ਚੋਣਾਂ ’ਚ ਰੁੱਝੇ ਹਨ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਵਿਧਾਇਕ ਰਮਿੰਦਰ ਆਵਲਾ ਆਪਣੇ ਵਰਕਰਾਂ ਨੂੰ ਲਾਇਨ ’ਚ ਲਗਵਾ ਕੇ ਫਾਰਮ ਭਰਵਾਉਣਾ ਚਾਹੁੰਦੇ ਸਨ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਆਪਣੀ ਫੌਜ ਲੈ ਕੇ ਮਾਹੌਲ ਨੂੰ ਖ਼ਰਾਬ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿਆਸੀ ਜ਼ਮੀਨ ਬਚਾਉਣ ਦੀ ਅਜਿਹੀ ਕੋਝੀ ਲਾਲਸਾ ਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ।