ਰਾਹੁਲ ਨੇ ਮੋਦੀ ਸਰਕਾਰ ‘ਤੇ ਬੋਲਿਆ ਹਮਲਾ, ਕਿਹਾ- ਪੁਲ ਬਣਾਓ, ਕੰਧਾਂ ਨਹੀਂ

ਨਵੀਂ ਦਿੱਲੀ- ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 69 ਦਿਨਾਂ ਤੋਂ ਜਾਰੀ ਹੈ। ਇਸ ਵਿਚ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਨੂੰ ਰੋਕਣ ਲਈ ਪੁਲਸ ਵਲੋਂ ਬੈਰੀਕੇਡਿੰਗ ਬਣਾਈ ਜਾ ਰਹੀ ਹੈ। ਜਿਸ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਟਵੀਟ ਕੀਤਾ,”ਸਰਕਾਰ ਨੂੰ ਪੁਲ ਬਣਾਉਣੇ ਚਾਹੀਦੇ ਹਨ, ਕੰਧਾਂ ਨਹੀਂ।”
ਦੱਸਣਯੋਗ ਹੈ ਕਿ ਪੁਲਸ ਦੀ ਦੇਖ-ਰੇਖ ‘ਚ ਮਜ਼ਦੂਰ ਸੀਮੈਂਟ ਦੇ ਬੈਰੀਕੇਡਜ਼ ਦੀਆਂ ਦੋ ਕਤਾਰਾਂ ਵਿਚ ਲੋਹੇ ਦੀਆਂ ਛੜਾਂ ਲਾਉਂਦੇ ਹੋਏ ਵੇਖੇ ਗਏ। ਪੁਲਸ ਵਲੋਂ ਅਜਿਹਾ ਇਸ ਲਈ ਕੀਤਾ ਗਿਆ, ਤਾਂ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਆਵਾਜਾਈ ਸੀਮਿਤ ਕੀਤੀ ਜਾ ਸਕੇ। ਇਸ ਤਰ੍ਹਾਂ ਦਿੱਲੀ-ਹਰਿਆਣਾ ਬਾਰਡਰ ਦਾ ਇਕ ਹਿੱਸਾ ਹੁਣ ਇਕ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ, ਕਿਉਂਕਿ ਸੀਮੈਂਟ ਦੀ ਅਸਥਾਈ ਕੰਧ ਵੀ ਖੜ੍ਹੀ ਕਰ ਦਿੱਤੀ ਜਾਵੇਗੀ। ਉੱਥੇ ਹੀ ਕਿਸਾਨਾਂ ਨੇ ਸੁਰੱਖਿਆ ਅਤੇ ਇੰਟਰਨੈੱਟ ਦੀ ਪਾਬੰਦੀ ਦੇ ਵਿਰੋਧ ‘ਚ ਫਿਰ ਤੋਂ ਚੱਕਾ ਜਾਮ ਦਾ ਐਲਾਨ ਕੀਤਾ ਹੈ। 6 ਫ਼ਰਵਰੀ ਦੁਪਹਿਰ 12 ਤੋਂ 3 ਵਜੇ ਤੱਕ ਕਿਸਾਨ ਜਥੇਬੰਦੀਆਂ ਵਲੋਂ ਦੇਸ਼ ਭਰ ਦੀਆਂ ਸੜਕਾਂ ਨੂੰ ਜਾਮ ਕਰ ਦਿੱਤਾ ਜਾਵੇਗਾ। ਹੁਣ ਕਿਸਾਨ ਅੰਦੋਲਨ ਦਾ ਕੇਂਦਰ ਵੀ ਗਾਜ਼ੀਪੁਰ ਬਾਰਡਰ ਬਣ ਗਿਆ ਹੈ, ਇੱਥੇ ਲਗਾਤਾਰ ਕਿਸਾਨਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਪੁਲਸ ਵੀ ਇੱਥੇ ਲਗਾਤਾਰ ਵੱਖ-ਵੱਖ ਸੁਰੱਖਿਆ ਵਿਵਸਥਾ ਕਰਦੇ ਨਜ਼ਰ ਆ ਰਹੀ ਹੈ।