ਮਿਸ਼ਨ ‘ਹਰ ਘਰ ਪਾਣੀ, ਹਰ ਘਰ ਸਫ਼ਾਈ’ ਦੇ ਸੁਪਨੇ ਨੂੰ ਪੰਜਾਬ ਸਰਕਾਰ ਬਦਲੇਗੀ ਹਕੀਕਤ ’ਚ : ਵਿਜੈ ਇੰਦਰ ਸਿੰਗਲਾ

ਭਵਾਨੀਗੜ੍ਹ – ਮਿਸ਼ਨ ‘ਹਰ ਘਰ ਪਾਣੀ, ਹਰ ਘਰ ਸਫ਼ਾਈ’ ਰਾਹੀਂ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਦੇ ਚਿਰੋਕਣੇ ਸੁਪਨੇ ਨੂੰ ਹਕੀਕਤ ’ਚ ਬਦਲਣ ਦੀ ਕਵਾਇਦ ਆਰੰਭੀ ਗਈ ਹੈ, ਜਿਸ ਨੂੰ ਪਿਛਲੇ ਕਈ ਦਹਾਕਿਆਂ ਤੋਂ ਅਣਗੋਲਿਆਂ ਕੀਤਾ ਜਾ ਰਿਹਾ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪੇਂਡੂ ਖੇਤਰਾਂ ਵਿਚ ਇਸ ਮਿਸ਼ਨ ਦੀ ਸ਼ੁਰੂਆਤ ਕਰਨ ਮੌਕੇ ਰੱਖੇ ਗਏ ਵਿਰਚੂਅਲ ਪ੍ਰੋਗਰਾਮ ਵਿਚ ਪਿੰਡ ਬਾਲਦ ਕਲਾਂ ਤੋਂ ਸ਼ਿਰਕਤ ਕਰਨ ਮੌਕੇ ਕੀਤਾ। ਇਸ ਮੌਕੇ ਸ੍ਰੀ ਸਿੰਗਲਾ ਨੇ ਪਿੰਡ ਦੇ ਲਾਭਪਾਤਰੀਆਂ ਨੂੰ ਬੱਸ ਪਾਸ ਅਤੇ ਪੈਨਸ਼ਨ ਮਨਜ਼ੂਰੀ ਪੱਤਰਾਂ ਦੀ ਵੀ ਵੰਡ ਕੀਤੀ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ ਪੂਰੇ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿਚ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਅਤੇ ਟਾਇਲੈਟਸ ਬਣਾਉਣ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਉਣ ਦੇ ਨਾਲ-ਨਾਲ ਮੁਕੰਮਲ ਕੀਤੇ ਗਏ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਪ੍ਰਦੂਸ਼ਤ ਹੋਣ ਕਾਰਨ ਲੋਕਾਂ ਨੂੰ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਸੀ ਪਰ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਸਦਕਾ ਹੁਣ ਹਰ ਘਰ ਵਿਚ ਸਾਫ਼ ਪੀਣਯੋਗ ਪਾਣੀ ਦੀ ਸਪਲਾਈ ਅਤੇ ਪਖਾਨਿਆਂ ਦਾ ਨਿਰਮਾਣ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਕੈਂਸਰ ਦੇ ਨਾਲ-ਨਾਲ ਗੰਦਗੀ ਕਾਰਨ ਫੈਲਣ ਵਾਲੀਆਂ ਹੋਰ ਬੀਮਾਰੀਆਂ ਨੂੰ ਕਾਬੂ ਰੱਖਣ ਵਿਚ ਮਦਦ ਮਿਲੇਗੀ।
ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਪੰਜਾਬ ਵੱਲੋਂ ਜਿਨ੍ਹਾਂ ਪੇਂਡੂ ਖੇਤਰਾਂ ਵਿਚ ਪ੍ਰਾਜੈਕਟਾਂ ਦੀ ਵਿਰਚੂਅਲ ਸ਼ੁਰੂਆਤ ਕੀਤੀ, ਉਨ੍ਹਾਂ ਵਿਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਅਹਿਮਦਗੜ ਛੰਨਾ, ਬੂੰਗਾ, ਕਾਸਮਪੁਰਾ ਅਤੇ ਮੁਹੰਮਦਪੁਰਾ ਵਿਖੇ ਜਲ ਸਪਲਾਈ ਸਕੀਮ ਦਾ ਉਦਘਾਟਨ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸੇ ਤਰਾਂ ਜ਼ਿਲੇ ਦੇ 82 ਪਿੰਡਾਂ ਅੰਦਰ 2.52 ਕਰੋੜ ਰੁਪਏ ਦੀ ਲਾਗਤ ਨਾਲ 84 ਕਮਿਊਨਿਟੀ ਸੈਨੇਟਰੀ ਕੰਪਲੈਕਸ ਵੀ ਬਣਾਏ ਜਾ ਰਹੇ ਹਨ, ਜੋ ਪਿੰਡਾਂ ਵਿਚ ਸਫ਼ਾਈ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਵਿਚ ਸਹਾਈ ਹੋਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਸੀ ਰਾਮਵੀਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜਿੰਦਰ ਸਿੰਘ ਬੱਤਰਾ, ਚੇਅਰਮੈਨ ਨਗਰ ਸੁਧਾਰ ਟਰੱਸਟ ਸੰਗਰੂਰ ਨਰੇਸ਼ ਗਾਬਾ, ਐਕਸੀਅਨ ਜਸਪ੍ਰੀਤ ਕੌਰ, ਐਕਸੀਅਨ ਹਰਭਿੰਦਰ ਸਿੰਘ, ਐਸ.ਈ. ਆਰ.ਕੇ. ਗੁਪਤਾ, ਐਸ.ਡੀ.ਓ. ਰਮਨ ਗਰਗ, ਐਸ.ਡੀ.ਓ. ਗੁਰਇਕਬਾਲ ਸਿੰਘ, ਜੇ.ਈ. ਬਲਕਾਰ ਸਿੰਘ, ਜੇ.ਈ. ਨਵਜੋਤ ਸਿੰਘ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮਹਿਕਮੇ ਦੇ ਹੋਰ ਅਧਿਕਾਰੀ ਹਾਜ਼ਰ ਸਨ।