ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਗਏ ਆਮ ਬਜਟ ਨੂੰ ਲੈ ਕੇ ਗੱਲ ਕੀਤੀ। ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਡਿਜ਼ੀਟਲ ਬਜਟ ਹੋਵੇ ਜਾਂ ਪੇਪਰ ਬਜਟ ਆਮ ਜਨਤਾ ਨੂੰ ਇਸ ਤੋਂ ਕੋਈ ਫਰਕ ਨਹੀਂ ਪੈਦਾ। ਫਰਕ ਪੈਦਾ ਹੈ ਕਿ ਬਜਟ ਵਿਚ ਕੀ ਪੇਸ਼ ਕੀਤਾ ਜਾ ਰਿਹਾ ਹੈ, ਜੋ ਪੇਸ਼ ਕੀਤਾ ਜਾ ਰਿਹਾ ਉਹ ਕਿਸਾਨ ਵਿਰੋਧੀ ਹੈ। ਕਿਸਾਨ ਅੱਜ ਸੜਕਾਂ ’ਤੇ ਰੁਲ ਰਿਹਾ ਹੈ, ਸੈਂਕੜੇ ਕਿਸਾਨਾਂ ਨੇ ਆਪਣੀ ਜਾਨ ਦੇ ਦਿੱਤੀ ਹੈ ਪਰ ਕੇਂਦਰ ਸਰਕਾਰ ਗੱਲ ਹੀ ਨਹੀਂ ਸੁਣ ਰਹੀ। ਇਨਸਾਫ਼ ਹੀ ਨਹੀਂ ਦੇ ਰਹੀ।
ਦਿੱਲੀ ਦੀਆਂ ਸਰਹੱਦਾਂ ’ਤੇ ਦੇਸ਼ ਦੇ ਕੋਨੇ-ਕੋਨੇ ਤੋਂ ਆ ਕੇ ਕਿਸਾਨ ਆਪਣੇ ਹੱਕਾਂ ਲਈ ਬੈਠੇ ਹੋਏ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਸਾਰੀਆਂ ਪਾਰਟੀਆਂ ਨੂੰ ਅਪੀਲ ਕਰਦਾ ਹੈ ਕਿ ਸੰਸਦ ’ਚ ਇਕਜੁੱਟ ਹੋ ਕੇ ਕਿਸਾਨੀ ਮੁੱਦੇ ਦੀ ਗੱਲ ਕਰੀਏ। ਇਹ ਲੜਾਈ ਪੂਰੇ ਦੇਸ਼ ਦੇ ਕਿਸਾਨਾਂ ਦੀ ਲੜਾਈ ਹੈ, ਇਹ ਇਕੱਲੇ ਕਿਸੇ ਪਾਰਟੀ ਦੀ ਲੜਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਪਾਰਟੀਆਂ ਇਸ ਮੁੱਦੇ ’ਤੇ ਚੁੱਪ ਹਨ।
ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਗੱਲ ਸਦਨ ਚੱਲਣ ਦੀ ਨਹੀਂ ਹੈ। ਕਿਸਾਨ ਇੰਨੀ ਕੜਾਕੇ ਦੀ ਠੰਡ ’ਚ ਬੈਠੇ ਹਨ, ਕਈ ਲੋਕਾਂ ਦੀ ਜਾਨ ਚੱਲੀ ਗਈ ਹੈ। ਕੀ ਉਹ ਉੱਥੋਂ ਹੀ ਬੈਠੇ ਰਹਿਣਗੇ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਜਾ ਕੇ ਉਨ੍ਹਾਂ ਨੂੰ ਮਿਲ ਨਹੀਂ ਸਕਦੇ? ਗੱਲ ਸਿਰਫ਼ ਇੰਨੀ ਹੈ ਕਿ ਦੇਸ਼ ਦੇ ਕਿਸਾਨ ਇਹ ਖੇਤੀ ਕਾਨੂੰਨ ਨਹੀਂ ਚਾਹੁੰਦੇ। ਇਕ ਵੀ ਕਿਸਾਨ ਸੰਗਠਨ ਵਲੋਂ ਇਨ੍ਹਾਂ ਖੇਤੀ ਕਾਨੂੰਨਾਂ ਦਾ ਸਮਰਥਨ ਨਹੀਂ ਕੀਤਾ ਗਿਆ। ਦੱਸ ਦੇਈਏ ਕਿ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਸੰਸਦ ਵਿਚ 2021-2022 ਦਾ ਆਮ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਕੋਰੋਨਾ ਦੀ ਮਾਰ ਝੱਲ ਰਹੇ ਹਰ ਸੈਕਟਰ ਨੂੰ ਇਸ ਵਾਰ ਬਜਟ ਤੋਂ ਉਮੀਦਾਂ ਹਨ।