ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੀਆਂ 31 ਸੀਟਾਂ ਲਈ ਕਾਂਗਰਸ ਵੱਲੋ ਟਿਕਟਾਂ ਵੰਡ ਦਿੱਤੀਆਂ ਗਈਆਂ । ਇਸ ਦੌਰਾਨ ਕਾਂਗਰਸੀਆਂ ਦੇ ਹੀ ਭਾਰੀ ਵਿਰੋਧ ਦਾ ਕਾਂਗਰਸੀ ਆਗੂਆਂ ਨੂੰ ਸਾਹਮਣਾ ਕਰਨਾ ਪਿਆ। ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ 31 ਵਾਰਡਾਂ ਦੀ ਚੋਣ ਲਈ ਕਾਂਗਰਸ ਵਲੋਂ ਅੱਜ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਟਿਕਟ ਵੰਡ ਸਮਾਰੋਹ ਦੌਰਾਨ ਕਾਂਗਰਸੀ ਵਰਕਰਾਂ ਦਾ ਵਿਰੋਧ ਨਜ਼ਰ ਆਇਆ। ਇਸ ਦੌਰਾਨ ਨਿਰਾਸ਼ ਕਾਂਗਰਸੀ ਵਰਕਰਾਂ ਵਿਚ ਟਕਸਾਲੀ ਕਾਂਗਰਸੀ ਬਿਸ਼ਨ ਟੇਲਰ, ਸਾਬਕਾ ਕੌਂਸਲਰ ਨਛੱਤਰ ਸਿੰਘ ਦੇ ਸਪੁੱਤਰ ਸੋਨੂੰ, ਵੀਰਪਾਲ ਕੌਰ ਨੇ ਕਿਹਾ ਕਿ ਟਿਕਟ ਵੰਡ ਗਲਤ ਹੋਈ ਹੈ ਜੋ ਵਿਅਕਤੀ ਉਸ ਸਮੇਂ ਚੋਣਾਂ ਲੜਦੇ ਰਹੇ ਜਦ ਕਾਂਗਰਸ ਦੀ ਸਰਕਾਰ ਸੀ, ਉਨ੍ਹਾਂ ਨੂੰ ਅੱਖੋਂ ਪਰੋਖੇ ਕਰ ਹੁਣ ਟਿਕਟਾਂ ਦੂਜੀਆਂ ਪਾਰਟੀਆਂ ‘ਚੋਂ ਆਏ ਵਰਕਰਾਂ ਨੂੰ ਦੇ ਦਿੱਤੀਆਂ ਗਈਆ। ਅਪਰਾਧਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਟਿਕਟ ਦਾ ਮੁੱਦਾ ਵੀ ਇਸ ਸਮੇਂ ਉਠਿਆ। ਬਾਹਰੀ ਵਾਰਡਾਂ ਦਾ ਉਮੀਦਵਾਰਾਂ ਨੂੰ ਟਿਕਟਾਂ ਦੇਣ ਦਾ ਮੁੱਦਾ ਵੀ ਵਰਕਰਾਂ ਨੇ ਉਠਾਇਆ।
ਕੁਝ ਕਾਂਗਰਸੀ ਵਰਕਰਾਂ ਨੇ ਅਬਜ਼ਰਵਰ ਦੇ ਸਾਹਮਣੇ ਕਿਹਾ ਕਿ ਕਾਂਗਰਸ ਪਾਰਟੀ ਖ਼ਤਮ ਹੋ ਗਈ ਅਤੇ ਉਨ੍ਹਾਂ ਦਾ ਸਿਆਸੀ ਕਤਲ ਕਰ ਦਿੱਤਾ ਗਿਆ। ਅਬਜ਼ਰਵਰ ਪਵਨ ਗੋਇਲ ਨੇ ਕਿਹਾ ਕਿ ਟਿਕਟ ਵੰਡ ਲਈ ਸਾਰੇ ਗਰੁੱਪਾਂ ਨਾਲ ਲਗਾਤਾਰ ਮੀਟਿੰਗਾਂ ਹੋਈਆ ਹਨ ਅਤੇ ਇੰਨੀ ਵੱਡੀ ਪਾਰਟੀ ‘ਚ ਕੁਝ ਵਿਅਕਤੀ ਨਿਰਾਸ਼ ਹੋ ਜਾਂਦੇ ਹਨ ਕਿਉਂਕਿ ਟਿਕਟ ਸਭ ਨੂੰ ਨਹੀਂ ਦਿੱਤੀ ਜਾ ਸਕਦੀ। ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਟਿਕਟ ਦੇਣ ਦੇ ਮਾਮਲੇ ‘ਚ ਜਦ ਸਾਬਕਾ ਵਿਧਾਇਕਾ ਕਰਨ ਕੌਰ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਲਿਸਟ ਉਨ੍ਹਾਂ ਇਕੱਲਿਆਂ ਨਹੀਂ ਜਾਰੀ ਕੀਤੀ, ਸਾਰੇ ਗਰੁੱਪ ਬੈਠੇ ਅਤੇ ਫਿਰ ਹਾਈਕਮਾਂਡ ਨੇ ਇਹ ਵੇਖ ਲਿਸਟ ਨੂੰ ਮਨਜ਼ੂਰੀ ਦਿੱਤੀ ਕਿ ਕੌਣ ਜਿੱਤ ਸਕਦਾ ਅਤੇ ਕੰਮ ਕਰ ਸਕਦਾ। ਜਦ ਇਸ ਸਬੰਧੀ ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਪਰਾਧਿਕ ਮਾਮਲੇ ਤਾਂ ਵਿਧਾਇਕ, ਐਮਪੀਜ਼ ਤੇ ਵੀ ਹਨ ਜਦ ਕੋਈ ਬਰੀ ਹੋ ਜਾਂਦਾ ਫਿਰ ਅਪਰਾਧਿਕ ਨਹੀਂ ਰਹਿੰਦਾ।