ਨਵਜੋਤ ਸਿੱਧੂ ਨੇ ਫਿਰ ਵੰਗਾਰੀ ਮੋਦੀ ਸਰਕਾਰ, ਸ਼ਾਇਰਾਨਾ ਅੰਦਾਜ਼ ’ਚ ਆਖ ਦਿੱਤੀ ਵੱਡੀ ਗੱਲ

ਅੰਮ੍ਰਿਤਸਰ – ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਸਰਕਾਰ ਨੂੰ ਵੰਗਾਰਨ ਵਾਲੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਇਕ ਵਾਰ ਫਿਰ ਕੇਂਦਰ ਸਰਕਾਰ ਖ਼ਿਲਾਫ਼ ਹੁੰਕਾਰ ਭਰੀ ਹੈ। ਕਿਸਾਨ ਅੰਦੋਲਨ ਦੇ ਹੱਕ ਵਿਚ ਬੋਲਦਿਆਂ ਨਵਜੋਤ ਸਿੱਧੂ ਨੇ ਇਕ ਟਵੀਟ ਕੀਤਾ ਹੈ। ਜਿਸ ਵਿਚ ਉਨ੍ਹਾਂ ਆਖਿਆ ਹੈ ਕਿ ‘ਵੋ ਗੁਲ ਹੀ ਨਹੀਂ ਜਿਸ ਮੇਂ ਖੁਸ਼ਬੂ ਨਹੀਂ, ਵੋ ਦਿਲ ਹੀ ਨਹੀਂ ਜਿਸ ਮੇਂ ਉਲਫ਼ਤ ਨਹੀਂ, ਲਾਖ ਜ਼ੌਹਰ ਹੋਂ ਸਰਕਾਰ ਮੇਂ… ਇਕ ਇਨਸਾਨੀਅਤ ਨਹੀਂ ਤੋ ਕੁੱਛ ਬੀ ਨਹੀਂ।
ਟਵੀਟ ਕੀਤੇ ਇਸ ਸ਼ੇਅਰ ਦੇ ਨਾਲ ਹੀ ਸਿੱਧੂ ਨੇ ਇਕ ਵੀਡੀਓ ਵਿਚ ਸਾਂਝੀ ਕੀਤੀ ਹੈ, ਜਿਸ ਨੌਜਵਾਨ ਕਿਸਾਨ ਸਿੰਘੂ ਬਾਰਡਰ ’ਤੇ ਬੋਲੇ ਸੋ ਨਿਹਾਲ ਅਤੇ ਪੰਜਾਬ-ਹਰਿਆਣਾ ਏਕਤਾ ਜ਼ਿੰਦਾਬਾਦ ਦੇ ਨਾਅਰੇ ਵੀ ਲਗਾ ਰਹੇ ਹਨ। ਵੀਡੀਓ ਉਪਰ ਲਿਖਿਆ ਗਿਆ ਹੈ ਕਿ ਇਹ ਵੀਡੀਓ 30 ਜਨਵਰੀ ਦੀ ਹੈ। ਇਹ ਨਾਅਰੇ ਸਿੰਘੂ ਸਰਹੱਦ ’ਤੇ ਉਦੋਂ ਲੱਗ ਰਹੇ ਹਨ ਜਦੋਂ ਇਕ ਦਿਨ ਪਹਿਲਾਂ ਹੀ ਭਾਜਪਾ ਦੇ ਗੁੰਡਿਆਂ ਵਲੋਂ ਕਿਸਾਨਾਂ ’ਤੇ ਹਮਲਾ ਕੀਤਾ ਗਿਆ ਸੀ।
ਇਥੇ ਇਹ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਅੱਜ 68ਵੇਂ ਦਿਨ ਵੀ ਜਾਰੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਪ੍ਰਧਾਨ ਮੰਤਰੀ ਵੱਲੋਂ ਸਰਬ ਪਾਰਟੀ ਬੈਠਕ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਬਾਰੇ ਕੇਂਦਰ ਸਰਕਾਰ ਵੱਲੋਂ ਦਿੱਤੇ ਪ੍ਰਸਤਾਵ ਬਾਰੇ ਦਿੱਤੇ ਬਿਆਨ ਦਾ ਨੋਟਿਸ ਲਿਆ। ਕਿਸਾਨ ਆਪਣੀ ਚੁਣੀ ਹੋਈ ਸਰਕਾਰ ਨੂੰ ਮਨਾਉਣ ਲਈ ਦਿੱਲੀ ਆਏ ਹਨ ਅਤੇ ਇਸ ਲਈ ਸਰਕਾਰ ਨਾਲ ਗੱਲਬਾਤ ਕਰਨ ਲਈ ਕਿਸਾਨ ਜੱਥੇਬੰਦੀਆਂ ਦੇ ਦਰਵਾਜ਼ੇ ਬੰਦ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕਿਸਾਨ ਤਿਨੇ ਖੇਤੀ ਕਾਨੂੰਨਾਂ ਨੂੰ ਸਿਰੇ ਤੋਂ ਰੱਦ ਕਰਨ ਲਈ ਅਤੇ ਐੱਮ.ਐੱਸ.ਪੀ. ਦੀ ਕਾਨੂੰਨੀ ਗਰੰਟੀ ਲਈ ਗੱਲਬਾਤ ਲਈ ਹਮੇਸ਼ਾ ਤਿਆਰ ਹਨ।