ਫਰਵਰੀ ਦੇ ਪਹਿਲੇ ਹਫ਼ਤੇ 10 ਹਜ਼ਾਰ ਤੋਂ ਵੱਧ ਫਰੰਟਲਾਈਨ ਵਰਕਰਾਂ ਨੂੰ ਲੱਗੇਗੀ ਕੋਰੋਨਾ ਵੈਕਸੀਨ

ਚੰਡੀਗੜ੍ਹ : ਸ਼ੁੱਕਰਵਾਰ ਨੂੰ ਸ਼ਹਿਰ ‘ਚ ਪੀ. ਜੀ. ਆਈ. ਦੇ ਚਾਰ ਵੈਕਸੀਨੇਸ਼ਨ ਸੈਂਟਰਾਂ ‘ਚ ਕੋਵਿਡ ਵੈਕਸੀਨ ਦੀ ਡਰਾਈਵ ਹੋਈ। 213 ਸਿਹਤ ਕਾਮਿਆਂ ਨੇ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਈ। ਹਾਲਾਂਕਿ ਟੀਚਾ 400 ਦਾ ਸੀ। ਸਿਹਤ ਕਾਮਿਆਂ ਤੋਂ ਬਾਅਦ ਹੁਣ ਫਰੰਟਲਾਈਨ ਵਰਕਰਾਂ ਦਾ ਵੈਕਸੀਨੇਸ਼ਨ ਕੀਤਾ ਜਾਵੇਗਾ। ਜੀ. ਐੱਮ. ਐੱਸ. ਐੱਚ. ਦੇ ਮੈਡੀਕਲ ਸੁਪਰਡੈਂਟ ਡਾ. ਵੀ. ਐੱਸ. ਨਾਗਪਾਲ ਨੇ ਦੱਸਿਆ ਕਿ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਫਰਵਰੀ ਦੇ ਪਹਿਲੇ ਹਫ਼ਤੇ ‘ਚ ਫਰੰਟਲਾਈਨ ਵਰਕਰਾਂ ਦਾ ਟੀਕਾਕਰਨ ਸ਼ੁਰੂ ਹੋਵੇਗਾ।
ਇਨ੍ਹਾਂ ‘ਚ ਪੁਲਸ, ਐੱਮ. ਸੀ. ਦੇ ਵਰਕਰ ਸ਼ਾਮਲ ਹੋਣਗੇ, ਜੋ ਕੋਵਿਡ ਦੇ ਸਮੇਂ ਤੋਂ ਕੰਮ ਕਰ ਰਹੇ ਹਨ। 10 ਹਜ਼ਾਰ ਤੋਂ ਜ਼ਿਆਦਾ ਇਨ੍ਹਾਂ ਵਰਕਰਾਂ ਦੀ ਸੂਚੀ ਤਿਆਰ ਹੋ ਚੁੱਕੀ ਹੈ। ਵੈਕਸੀਨ ਲਈ ਸ਼ੁਰੂਆਤ ‘ਚ ਸਿਹਤ ਮੁਲਾਜ਼ਮਾਂ, ਫਰੰਟਲਾਈਨ ਵਰਕਰ ਅਤੇ 50 ਸਾਲਾਂ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਪਹਿਲ ਦਿੱਤੀ ਗਈ ਹੈ। ਇਸ ਤੋਂ ਇਲਾਵਾ ਗੰਭੀਰ ਬੀਮਾਰੀ ਤੋਂ ਪੀੜਤ ਲੋਕਾਂ ਨੂੰ ਵੀ ਸ਼ੁਰੂਆਤੀ ਪੜਾਅ ‘ਚ ਵੈਕਸੀਨ ਦਿੱਤੀ ਜਾਵੇਗੀ। 16 ਜਨਵਰੀ ਤੋਂ ਟੀਕਾ ਲੱਗਣਾ ਸ਼ੁਰੂ ਹੋਇਆ ਅਤੇ ਸਭ ਤੋਂ ਪਹਿਲਾਂ ਸਿਹਤ ਕਾਮਿਆਂ ਨੂੰ ਲਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਕਿਹਾ ਸੀ ਕਿ ਵੈਕਸੀਨ ਦੀ ਉਪਲੱਬਧਤਾ ਦੇ ਹਿਸਾਬ ਨਾਲ ਫਰੰਟਲਾਈਨ ਵਰਕਰਾਂ ਨੂੰ ਵੀ ਟੀਕਾ ਦਿੱਤਾ ਜਾਵੇਗਾ।