BCCI ਨੇ ਯੁਵਰਾਜ ਸਿੰਘ ਨੂੰ ਨਹੀਂ ਦਿੱਤੀ ਸੰਨਿਆਸ ਤੋਂ ਵਾਪਸੀ ਦੀ ਮਨਜ਼ੂਰੀ

ਨਵੀਂ ਦਿੱਲੀ – ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਸਾਲ 2019 ‘ਚ ਕ੍ਰਿਕਟ ਦੇ ਸਾਰੇ ਫ਼ੌਰਮੈਟਾਂ ਤੋਂ ਸੰਨਿਆਸ ਲੈ ਲਿਆ ਸੀ। ਉਸ ਨੇ ਹਾਲ ‘ਚ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੂੰ ਆਪਣਾ ਸੰਨਿਆਸ ਵਾਪਸ ਲੈਣ ਦੀ ਆਗਿਆ ਦੇਣ ਦੀ ਗ਼ੁਜਾਰਿਸ਼ ਕੀਤੀ ਸੀ ਜਿਸ ਨੂੰ ਬੋਰਡ ਨੇ ਠੁਕਰਾ ਦਿੱਤਾ ਹੈ। ਸੈਯੱਦ ਮੁਸ਼ਤਾਕ ਅਲੀ ਟਰੌਫ਼ੀ ਲਈ ਪੰਜਾਬ ਦੇ ਸੰਭਾਵਿਤ ਕ੍ਰਿਕਟਰਾਂ ਦੀ ਸੂਚੀ ‘ਚ ਯੁਵੀ ਦਾ ਨਾਮ ਵੀ ਸ਼ਾਮਿਲ ਸੀ ਅਤੇ ਉਸ ਨੂੰ BCCI ਵਲੋਂ ਗਰੀਨ ਸਿਗਨਲ ਦਾ ਇੰਤਜਾਰ ਸੀ ਜਿਸ ਨਾਲ ਉਹ ਕ੍ਰਿਕਟ ਦੇ ਸੰਸਾਰ ‘ਚ ਵਾਪਸੀ ਕਰ ਸਕ ਪਰ ਅਜਿਹਾ ਹੋ ਨਹੀਂ ਸੱਕਿਆ।
ਅੰਗਰੇਜ਼ੀ ਅਖ਼ਬਾਰ ‘ਚ ਛਪੀ ਇੱਕ ਖ਼ਬਰ ਮੁਤਾਬਿਕ ਭਛਛੀ ਨੇ ਯੁਵੀ ਦੀ ਸੰਨਿਆਸ ਤੋਂ ਵਾਪਸੀ ਦੀ ਅਰਜ਼ੀ ਨੂੰ ਠੁਕਰਾ ਦਿੱਤਾ ਹੈ। ਨਿਯਮ ਮੁਤਾਬਿਕ ਜੇਕਰ ਕੋਈ ਖਿਡਾਰੀ ਕਿਸੇ ਵੀ ਵਿਦੇਸ਼ੀ ਲੀਗ ਦਾ ਹਿੱਸਾ ਬਣ ਜਾਂਦਾ ਹੈ ਤਾਂ ਉਹ ਇੰਡੀਅਨ ਪ੍ਰੀਮੀਅਰ ਲੀਗ (IPL) ਜਾਂ ਡੋਮੈਸਟਿਕ ਕ੍ਰਿਕਟ ‘ਚ ਵਾਪਸੀ ਨਹੀਂ ਕਰ ਸਕਦਾ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਯੁਵੀ ਨੂੰ BCCI ਨੂੰ ਇਜਾਜ਼ਤ ਮਿਲ ਜਾਵੇਗੀ ਅਤੇ ਉਹ ਮੈਦਾਨ ਉੱਤੇ ਵਾਪਸੀ ਕਰ ਲਵੇਗਾ।
ਯੁਵੀ ਸੰਨਿਆਸ ਦੀ ਘੋਸ਼ਣਾ ਤੋਂ ਬਾਅਦ ਗਲੋਬਲ T-20 ਕੈਨੇਡਾ ਅਤੇ T-10 ਲੀਗ ‘ਚ ਹਿੱਸਾ ਲੈ ਚੁੱਕੇ ਹਨ। ਇਹੀ ਵਜ੍ਹਾ ਹੈ ਕਿ BCCI ਨੇ ਉਨ੍ਹਾਂ ਨੂੰ ਸੰਨਿਆਸ ਤੋਂ ਵਾਪਸੀ ਦੀ ਇਜਾਜਤ ਨਹੀਂ ਦਿੱਤੀ। ਮਨਦੀਪ ਸਿੰਘ ਸੈਯਦ ਮੁਸ਼ਤਾਕ ਅਲੀ ਟਰਾਫ਼ੀ ‘ਚ ਪੰਜਾਬ ਟੀਮ ਦੀ ਅਗਵਾਈ ਕਰਣਗੇ। ਸੈਯਦ ਮੁਸ਼ਤਾਕ ਟੂਰਨਾਮੈਂਟ ਦਾ ਆਗਾਜ਼ 10 ਜਨਵਰੀ ਨੂੰ ਹੋਵੇਗਾ ਅਤੇ ਖ਼ਿਤਾਬੀ ਮੁਕਾਬਲਾ 31 ਜਲਵਰੀ ਨੂੰ ਖੇਡਿਆ ਜਾਵੇਗਾ।
ਪੰਜਾਬ ਦੀ ਟੀਮ: ਮਨਦੀਪ ਸਿੰਘ (ਕਪਤਾਨ), ਗੁਰਕੀਰਤ ਮਾਨ (ਉੱਪ-ਕਪਤਾਨ), ਰੋਹਨ ਮਾਰਵਾਹ, ਅਭਿਨਵ ਸ਼ਰਮਾ, ਪ੍ਰਭਸਿਮਰਨ ਸਿੰਘ, ਅਨਮੋਲਪ੍ਰੀਤ ਸਿੰਘ, ਅਨਮੋਲ ਮਲਹੋਤਰਾ, ਸਨਵੀਰ ਸਿੰਘ, ਸੰਦੀਪ ਸ਼ਰਮਾ, ਕਰਣ ਕਾਲੀਆ, ਮਯੰਕ ਮਾਰਕੰਡੇ, ਅਭਿਸ਼ੇਕ ਸ਼ਰਮਾ, ਰਮਨਦੀਪ ਸਿੰਘ, ਸਿੱਧਾਰਥ ਕੌਲ, ਬਰਿੰਦਰ ਸਰਨ, ਅਰਸ਼ਦੀਪ ਸਿੰਘ, ਹਰਪ੍ਰੀਤ ਬਰਾਰ, ਬਲਤੇਜ ਧਾਂਡਾ, ਕ੍ਰਿਸ਼ਨ, ਗੀਤਾਂਸ਼ ਖੈਰਾ।