ਹਾਰ ਮਗਰੋਂ ਆਸਟਰੇਲੀਆ ਟੀਮ ਨੂੰ ਲੱਗਾ ਭਾਰੀ ਜੁਰਮਾਨਾ

ਮੈਲਬੌਰਨ (ਭਾਸ਼ਾ) – ਆਸਟਰੇਲੀਆਈ ਕ੍ਰਿਕਟ ਟੀਮ ਉੱਤੇ ਭਾਰਤ ਖ਼ਿਲਾਫ਼ ਮੰਗਲਵਾਰ ਨੂੰ ਇੱਥੇ ਸੰਪੰਨ ਹੋਏ ਟੈੱਸਟ ਵਿੱਚ ਹੌਲੀ ਓਵਰ ਗਤੀ ਲਈ ਮੈਚ ਫ਼ੀਸ ਦਾ 40 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਅਤੇ ਨਾਲ ਹੀ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਦੀ ਵਿਸ਼ਵ ਟੈੱਸਟ ਚੈਂਪੀਅਨਸ਼ਿਪ (WTC) ਵਿੱਚ 4 ਅੰਕ ਕੱਟੇ ਗਏ। ICC ਮੈਚ ਰੈਫ਼ਰੀ ਡੈਵਿਡ ਬੂਨ ਨੇ ਦੇਖਿਆ ਕਿ ਆਸਟਰੇਲੀਆਈ ਟੀਮ ਨੇ ਨਿਰਧਾਰਿਤ ਸਮੇਂ ‘ਚ 2 ਓਵਰ ਘੱਟ ਸੁੱਟੇ ਹਨ ਜਿਸ ਤੋਂ ਬਾਅਦ ਟਿਮ ਪੇਨ ਦੀ ਟੀਮ ਨੂੰ ਇਹ ਸਜ਼ਾ ਸੁਣਾਈ ਗਈ। ਭਾਰਤ ਨੇ ਦੂਜਾ ਟੈੱਸਟ 8 ਵਿਕਟਾਂ ਨਾਲ ਜਿੱਤਿਆ।
ICC ਨੇ ਬਿਆਨ ਵਿੱਚ ਕਿਹਾ, ”ਖਿਡਾਰੀਆਂ ਅਤੇ ਉਨ੍ਹਾਂ ਦੇ ਸਾਥੀ ਸਟਾਫ਼ ਨਾਲ ਜੁੜੀ ICC ਚੋਣ ਜ਼ਾਬਤੇ ਦੇ ਨਿਯਮ 2.22 ਅਨੁਸਾਰ, ਜੋ ਘੱਟ ਤੋਂ ਘੱਟ ਓਵਰ ਰਫ਼ਤਾਰ ਦੇ ਦੋਸ਼ ਨਾਲ ਜੁੜਿਆ ਹੈ, ਖਿਡਾਰੀਆਂ ਉੱਤੇ ਆਪਣੀ ਟੀਮ ਦੇ ਨਿਰਧਾਰਿਤ ਸਮੇਂ ਵਿੱਚ ਹਰ ਇੱਕ ਓਵਰ ਘੱਟ ਸੁੱਟਣ ਲਈ ਉਨ੍ਹਾਂ ਦੀ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ ਲਗਾਇਆ ਜਾਂਦਾ ਹੈ।
ਬਿਆਨ ਅਨੁਸਾਰ, ”ਇਸ ਦੇ ਇਲਾਵਾ ICC ਵਿਸ਼ਵ ਟੈੱਸਟ ਚੈਂਪੀਅਨਸ਼ਿਪ ਦੇ ਖੇਡਣ ਦੇ ਹਾਲਾਤ ਦੇ ਨਿਯਮ 16.11.2 ਅਨੁਸਾਰ ਟੀਮ ਉੱਤੇ ਹਰ ਇੱਕ ਘੱਟ ਓਵਰ ਸੁੱਟਣ ਲਈ 2 ਅੰਕ ਦਾ ਜੁਰਮਾਨਾ ਲਗਾਇਆ ਜਾਂਦਾ ਹੈ। ਨਤੀਜੇ ਵਜੋਂ ਆਸਟਰੇਲੀਆ ਦੇ ਕੁੱਲ ਅੰਕਾਂ ਵਿੱਚੋਂ 4 ਵਿਸ਼ਵ ਟੈੱਸਟ ਚੈਂਪੀਅਨਸ਼ਿਪ ਅੰਕ ਕੱਟ ਦਿੱਤੇ ਗਏ।” ICC ਨੇ ਕਿਹਾ, ”ਪੇਨ ਨੇ ਦੋਸ਼ ਸਵੀਕਾਰ ਕਰ ਲਿਆ ਅਤੇ ਪ੍ਰਸਤਾਵਿਤ ਸਜ਼ਾ ਵੀ ਸਵੀਕਾਰ ਕਰ ਲਈ ਇਸ ਲਈ ਰਸਮੀ ਸੁਣਵਾਈ ਦੀ ਜ਼ਰੂਰਤ ਨਹੀਂ ਪਈ।”
ਇਹ ਇਲਜ਼ਾਮ ਮੈਦਾਨੀ ਅੰਪਾਇਰਾਂ ਬਰੂਸ ਔਕਸਨਫ਼ਰਡ ਅਤੇ ਪਾਲ ਰਾਈਫ਼ਲ, ਤੀਸਰੇ ਅੰਪਾਇਰ ਪਾਲ ਵਿਲਸਨ ਅਤੇ ਚੌਥੇ ਅੰਪਾਇਰ ਜੈਰਾਰਡ ਏਬੂਡ ਨੇ ਲਗਾਏ। ਆਸਟਰੇਲੀਆ (0.766) ਜਿੱਤੇ ਹੋਏ ਫ਼ੀਸਦੀ ਅੰਕਾਂ ਦੇ ਆਧਾਰ ਉੱਤੇ ਅਜੇ ਸਿਖਰ ‘ਤੇ ਚੱਲ ਰਿਹਾ ਹੈ ਜਦੋਂਕਿ ਉਸ ਤੋਂ ਬਾਅਦ ਭਾਰਤ (0.722) ਅਤੇ ਨਿਊਜ਼ੀਲੈਂਡ (0.625) ਦਾ ਨੰਬਰ ਆਉਂਦਾ ਹੈ। ਇੱਥੇ ਵਰਣਨਯੋਗ ਹੈ, ਆਸਟਰੇਲੀਆ ਨੇ ਕੁੱਲ 12 ਮੈਚ ਖੇਡ ਕੇ 8 ਅਤੇ ਭਾਰਤ ਨੇ 11 ਮੈਚਾਂ ‘ਚੋਂ 8 ਮੈਚ ਜਿੱਤੇ ਹਨ, ਅਤੇ ਨਿਊ ਜ਼ੀਲੈਂਡ ਨੇ 9 ਮੈਚ ਖੇਡੇ ਹਨ ਅਤੇ ਉਨ੍ਹਾਂ ‘ਚੋਂ 5 ਜਿੱਤੇ।