‘ਹਲਵਾਰਾ ਏਅਰਬੇਸ’ ਦੀ ਖ਼ੁਫੀਆ ਜਾਣਕਾਰੀ ‘ਪਾਕਿਸਤਾਨ’ ਭੇਜਣ ਵਾਲਾ ਮਕੈਨਿਕ ਗ੍ਰਿਫ਼ਤਾਰ

ਗੁਰੂਸਰ ਸੁਧਾਰ : ਥਾਣਾ ਸੁਧਾਰ ਦੀ ਪੁਲਸ ਵੱਲੋਂ ਖ਼ੁਫੀਆ ਜਾਣਕਾਰੀਆਂ ਪਾਕਿਸਤਾਨ ਨੂੰ ਦੇਣ ਦੇ ਦੋਸ਼ ਅਧੀਨ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਥਾਣਾ ਸੁਧਾਰ ਦੇ ਮੁਖੀ ਐਸ. ਆਈ. ਜਸਵੀਰ ਸਿੰਘ ਸਮੇਤ ਪੁਲਸ ਪਾਰਟੀ ਪਿੰਡ ਰੱਤੋਵਾਲ ਨਜ਼ਦੀਕ ਗਸ਼ਤ ‘ਤੇ ਸਨ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਰਾਮਪਾਲ ਸਿੰਘ ਜੋ ਕਿ ਪਿਛਲੇ ਕੁੱਝ ਸਾਲਾਂ ਤੋਂ ਵਿਦੇਸ਼ (ਕੁਵੈਤ) ਰਹਿ ਕੇ ਵਾਪਸ ਆਇਆ ਹੈ ਅਤੇ ਅੱਜ-ਕੱਲ੍ਹ ਹਲਵਾਰਾ ਏਅਰਬੇਸ ਦੇ ਅੰਦਰ ਡੀਜਲ ਮਕੈਨਿਕ ਦਾ ਕੰਮ ਕਰਦਾ ਹੈ, ਉਹ ਆਪਣੇ ਸਾਥੀਆਂ ਸੁਖਕਿਰਨ ਸਿੰਘ ਸੁੱਖਾ ਅਤੇ ਸ਼ਾਬੀਰ ਅਲੀ ਸਮੇਤ ਦੇਸ਼ ਵਿਰੋਧੀ ਪਾਬੰਦੀਸ਼ੁਦਾ ਗੈਰ ਸਮਾਜੀ ਜੱਥੇਬੰਦੀਆਂ ਨਾਲ ਮਿਲ ਕੇ ਗੈਰਕਾਨੂੰਨੀ ਗਤੀਵਿਧੀਆਂ ਚਲਾ ਕੇ ਪੰਜਾਬ ‘ਚ ਗੜਬੜੀ ਫੈਲਾਉਣ ਲਈ ਪਾਕਿਸਤਾਨ ‘ਚ ਬੈਠੇ ਆਈ. ਐਸ. ਆਈ. ਦੇ ਏਜੰਟ ਅਦਨਾਲ ਨਾਲ ਸੰਪਰਕ ‘ਚ ਹਨ।
ਜਾਣਕਾਰੀ ਅਨੁਸਾਰ ਰਾਮਪਾਲ ਸਿੰਘ ਏਅਰਬੇਸ ਦੇ ਅੰਦਰੋਂ ਖ਼ੁਫੀਆ ਜਾਣਕਾਰੀ ਅਤੇ ਏਅਰਬੇਸ ਦੀਆਂ ਤਸਵੀਰਾਂ ਆਪਣੇ ਸਾਥੀਆਂ ਦੀ ਮਦਦ ਨਾਲ ਪਾਕਿਸਤਾਨ ਭੇਜ ਰਿਹਾ ਹੈ, ਜਿਸ ਨਾਲ ਭਾਰਤ ਦੀ ਏਕਤਾ, ਸੁਰੱਖਿਆ, ਅਖੰਡਤਾ ਨੂੰ ਖ਼ਤਰਾ ਹੈ। ਇਸ ‘ਤੇ ਰਾਮਪਾਲ ਸਿੰਘ ਪੁੱਤਰ ਦੁੱਲਾ ਸਿੰਘ, ਸੁਖਕਿਰਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਟੂਸਾ ਅਤੇ ਸ਼ਾਬੀਰ ਅਲੀ ਪੁੱਤਰ ਸ਼ਮਸ਼ਾਦ ਅਲੀ ਵਾਸੀ ਲਾਲ ਪੀਪਲ ਥਾਣਾ ਕਾਲਾ ਅੰਬ ਤਹਿ. ਨਾਹਨ ਜ਼ਿਲ੍ਹਾ ਸਿਰਮੌਰ (ਹਿਮਾਚਲ ਪ੍ਰਦੇਸ਼) ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਉਕਤ ਮਾਮਲੇ ਦੀ ਤਫਤੀਸ਼ ਡੀ. ਐਸ. ਪੀ. ਦਾਖਾ ਗੁਰਬੰਸ ਸਿੰਘ ਕਰ ਰਹੇ ਹਨ। ਇਸ ਸਬੰਧੀ ਥਾਣਾ ਸੁਧਾਰ ਦੇ ਮੁਖੀ ਜਸਵੀਰ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਕਤ ਮਾਮਲੇ ‘ਚ ਰਾਮਪਾਲ ਸਿੰਘ ਅਤੇ ਸੁਖਕਿਰਨ ਸਿੰਘ ਨੂੰ ਕਾਬੂ ਕਰਕੇ ਉਨ੍ਹਾਂ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰਨ ਉਪਰੰਤ 4 ਜਨਵਰੀ ਤੱਕ ਪੁਲਸ ਰਿਮਾਂਡ ਹਾਸਿਲ ਕਰ ਲਿਆ ਗਿਆ ਹੈ, ਜਦੋਂ ਕਿ ਸ਼ਾਬੀਰ ਅਲੀ ਹਾਲੇ ਫਰਾਰ ਹੈ।
News Credit :jagbani(punjabkesari)