ਭਾਰਤ ਲਈ ਸਭ ਤੋਂ ਖੁਸ਼ਕਿਸਮਤ ਹੈ ਮੈਲਬਰਨ ਦਾ ਮੈਦਾਨ ਜਿੱਥੇ ਚਾਰ ਮੈਚ ਜਿੱਤ ਕੇ ਸਿਰਜਿਆ ਇਤਿਹਾਸ

ਮੈਲਬਰਨ – ਆਸਟਰੇਲੀਆ ਦਾ ਮੈਲਬਰਨ ਭਾਰਤ ਲਈ ਵਿਦੇਸ਼ੀ ਜ਼ਮੀਨ ‘ਤੇ ਸਭ ਤੋਂ ਸਫ਼ਲ ਮੈਦਾਨ ਬਣ ਗਿਆ ਹੈ। ਭਾਰਤ ਨੇ ਆਸਟਰੇਲੀਆ ਨੂੰ ਦੂਜੇ ਬੌਕਸਿੰਗ ਡੇਅ ਟੈੱਸਟ ‘ਚ ਮੰਗਲਵਾਰ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਚਾਰ ਮੈਚਾਂ ਦੀ ਸੀਰੀਜ਼ ‘ਚ 1-1 ਨਾਲ ਬਰਾਬਰੀ ਕਰ ਲਈ।
ਮੈਲਬਰਨ ‘ਚ ਇਸ ਤਰ੍ਹਾਂ ਭਾਰਤ ਨੇ ਆਪਣੀ ਚੌਥੀ ਜਿੱਤ ਹਾਸਿਲ ਕੀਤੀ ਅਤੇ ਵਿਦੇਸ਼ੀ ਜ਼ਮੀਨ ‘ਤੇ ਮੈਲਬਰਨ ਭਾਰਤ ਲਈ ਸਭ ਤੋਂ ਸਫ਼ਲ ਮੈਦਾਨ ਬਣ ਗਿਆ। ਭਾਰਤ ਦੀ ਮੈਲਬਰਨ ‘ਚ 14 ਟੈੱਸਟਾਂ ‘ਚ ਇਹ ਚੌਥੀ ਜਿੱਤ ਹੈ। ਭਾਰਤ ਨੇ ਪੋਰਟ ਔਫ਼ ਸਪੇਨ ‘ਚ 13 ਟੈੱਸਟਾਂ ‘ਚੋਂ ਤਿੰਨ ਟੈੱਸਟ, ਕਿੰਗਸਟਨ ‘ਚ 13 ਟੈੱਸਟਾਂ ‘ਚੋਂ ਤਿੰਨ ਟੈੱਸਟ ਅਤੇ ਕੋਲੰਬੋ ‘ਚ ਨੌਂ ਟੈੱਸਟਾਂ ‘ਚ ਤਿੰਨ ਟੈੱਸਟ ਜਿੱਤੇ ਹਨ। ਭਾਰਤ ਨੇ 2018 ‘ਚ ਪਿਛਲੇ ਆਸਟਰੇਲੀਆਈ ਦੌਰੇ ‘ਚ ਬੌਕਸਿੰਗ ਡੇਅ ਟੈੱਸਟ ਨੂੰ 137 ਦੌੜਾਂ ਨਾਲ ਜਿੱਤਿਆ ਸੀ। ਭਾਰਤ ਨੇ ਜਨਵਰੀ 1978 ‘ਚ ਆਸਟਰੇਲੀਆ ਨੂੰ ਮੈਲਬਰਨ ਮੈਦਾਨ ‘ਤੇ 222 ਦੌੜਾਂ ਨਾਲ ਹਰਾਇਆ ਸੀ। ਦੋਵਾਂ ਟੀਮਾਂ ਵਿਚਾਲੇ ਫ਼ਰਵਰੀ 1981 ‘ਚ ਮੈਲਬਰਨ ‘ਚ ਖੇਡਿਆ ਗਿਆ ਮੁਕਾਬਲਾ ਭਾਰਤ ਨੇ 59 ਦੌੜਾਂ ਨਾਲ ਜਿੱਤਿਆ ਸੀ।