ਨਿਊ ਜ਼ੀਲੈਂਡ ਦੇ ਸਾਬਕਾ ਟੈੱਸਟ ਬੱਲੇਬਾਜ਼ ਦਾ ਦਿਹਾਂਤ

ਵੈਲਿੰਗਟਨ – ਨਿਊ ਜ਼ੀਲੈਂਡ ਲਈ 19 ਟੈੱਸਟ ਮੈਚਾਂ ‘ਚ ਛੇ ਸੈਂਕੜੇ ਲਾਉਣ ਵਾਲੇ ਜੌਨ ਐੱਫ਼ ਰੀਡ ਦਾ ਦਿਹਾਂਤ ਹੋ ਗਿਆ। ਉਹ 64 ਸਾਲਾਂ ਦੇ ਸਨ। ਨਿਊ ਜ਼ੀਲੈਂਡ ਕ੍ਰਿਕਟ ਨੇ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ। ਉਹ ਲੰਬੇ ਸਮੇਂ ਤੋਂ ਬੀਮਾਰ ਸਨ। ਰੀਡ ਨੇ ਨਵੰਬਰ 1985 ਨੂੰ ਬ੍ਰਿਸਬੇਨ ਦੇ ਗਾਬਾ ਮੈਦਾਨ ‘ਚ 108 ਦੌੜਾਂ ਦੀ ਪਾਰੀ ਖੇਡ ਕੇ ਆਸਟਰੇਲੀਆ ਖ਼ਿਲਾਫ਼ ਨਿਊ ਜ਼ੀਲੈਂਡ ਦੀ ਪਾਰੀ ਅਤੇ 41 ਦੌੜਾਂ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ ਸੀ। ਖੱਬੇ ਹੱਥ ਦੇ ਬੱਲੇਬਾਜ਼ ਰੀਡ ਨੇ ਮਾਰਟਿਨ ਕ੍ਰੋਅ (188) ਦੇ ਨਾਲ ਤੀਜੇ ਵਿਕਟ ਲਈ 225 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ ਜਿਸ ‘ਚ ਨਿਊ ਜ਼ੀਲੈਂਡ ਨੇ ਆਪਣੀ ਇਕਲੌਤੀ ਪਾਰੀ ‘ਚ 7 ਵਿਕਟ ‘ਤੇ 553 ਦੌੜਾਂ ਬਣਾਈਆਂ ਸਨ। ਰਿਚਰਡ ਹੈਡਲੀ ਨੇ ਆਸਟਰੇਲੀਆ ਦੀ ਪਾਰੀ ‘ਚ 52 ਦੌੜਾਂ ‘ਤੇ 9 ਅਤੇ ਦੂਜੀ ਪਾਰੀ ‘ਚ 71 ‘ਤੇ 6 ਵਿਕਟ ਝਟਕਾ ਕੇ ਨਿਊ ਜ਼ੀਲੈਂਡ ਦੀ ਜਿੱਤ ਨੂੰ ਯਕੀਨੀ ਬਣਾਇਆ। ਰੀਡ ਨੇ 1979 ਤੋਂ 1986 ਵਿਚਾਲੇ ਆਪਣੇ ਟੈੱਸਟ ਕਰੀਅਰ ‘ਚ 46 ਦੀ ਔਸਤ ਨਾਲ 1,296 ਦੌੜਾਂ ਬਣਾਈਆਂ।