ਦਹਾਕੇ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਐਵਾਰਡ ਮਿਲਣ ‘ਤੇ ਭਾਵੁਕ ਹੋਇਆ ਵਿਰਾਟ

ਨਵੀਂ ਦਿੱਲੀ – ICC ਨੇ ਬੀਤੇ ਦਿਨੀਂ ਦਹਾਕੇ ਦੀ ਸਰਵਸ੍ਰੇਸ਼ਠ T-20, ਟੈੱਸਟ ਅਤੇ ਵਨਡੇ ਟੀਮ ਦਾ ਐਲਾਨ ਕੀਤਾ ਸੀ। ਇਨ੍ਹਾਂ ਤਿੰਨਾਂ ਹੀ ਫ਼ੌਰਮੈਟਸ ‘ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਜਲਵਾ ਬਰਕਰਾਰ ਹੈ। ਇਸ ਦੇ ਨਾਲ ਹੀ ਕੋਹਲੀ ਨੂੰ ICC ਨੇ ਇਸ ਦਹਾਕੇ ਦੇ ਸਰ ਗਾਰਫ਼ੀਲਡ ਸੋਬਰਜ਼ ਐਵਾਰਡ ਨਾਲ ਨਵਾਜਿਆ ਹੈ। ਇਹ ਐਵਾਰਡ ਹਰ ਫ਼ੌਰਮੈਟ ‘ਚ ਆਪਣੀ ਛਾਪ ਛੱਡਣ ਵਾਲੇ ਦਹਾਕੇ ਦੇ ਸਭ ਤੋਂ ਸਰਵਸ੍ਰੇਸ਼ਠ ਖਿਡਾਰੀ ਨੂੰ ਦਿੱਤਾ ਜਾਂਦਾ ਹੈ।
ਕੋਹਲੀ ਨੇ ਕੀਤਾ ਸਾਰਿਆਂ ਦਾ ਧੰਨਵਾਦ
ਕਪਤਾਨ ਕੋਹਲੀ ਨੇ ਦਹਾਕੇ ਦਾ ਸਰਵਸ੍ਰੇਸ਼ਠ ਖਿਡਾਰੀ ਚੁਣੇ ਜਾਣ ਤੋਂ ਬਾਅਦ ਇੱਕ ਭਾਵੁਕ ਪੱਤਰ ਲਿਖਿਆ ਹੈ। ਉਸ ਨੇ ਇਸ ਪੱਤਰ ਨੂੰ ਸੋਸ਼ਲ ਮੀਡੀਆ ਉੱਤੇ ਵੀ ਸਾਂਝਾ ਕੀਤਾ। ਕੋਹਲੀ ਨੇ ਇਸ ਪੱਤਰ ‘ਚ ਲਿਖਿਆ ਹੈ, ”ਮੈਂ ਆਪਣੇ ਪਰਿਵਾਰ, ਆਪਣੇ ਕੋਚ, ਆਪਣੇ ਦੋਸਤਾਂ ਅਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਹਰ ਸਥਿਤੀ ‘ਚ ਮੇਰੇ ਨਾਲ ਖੜ੍ਹੇ ਰਹੇ।” ਇਸ ਦੇ ਨਾਲ ਹੀ ਉਸ ਨੇ ਲਿਖਿਆ, ”ਮੈਂ BCCI ਨੂੰ ਵੀ ਧੰਨਵਾਦ ਕਹਿਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੈਨੂੰ ਭਾਰਤ ਦੀ ਨੁਮਾਇੰਦਗੀ ਕਰਣ ਦਾ ਮੌਕਾ ਦਿੱਤਾ।”
ਕੋਹਲੀ ਦਾ ਭਾਵੁਕ ਪੱਤਰ
ਕਪਤਾਨ ਕੋਹਲੀ ਅੱਗੇ ਲਿਖਦੈ,” ਮੈਂ ICC ਦਾ ਵੀ ਧੰਨਵਾਦ ਕਰਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਐਵਾਰਡ ਲਈ ਨਾਮਜ਼ਦ ਕੀਤਾ ਅਤੇ ਉਨ੍ਹਾਂ ਸਾਰਿਆਂ ਦਾ ਵੀ ਧੰਨਵਾਦ ਕਰਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੇਰੇ ਲਈ ਵੋਟ ਕੀਤੀ।” ਉਸ ਨੇ ਕਿਹਾ ਜੇਕਰ ਤੁਸੀਂ ਠੀਕ ਇਰਾਦੇ ਨਾਲ ਕੋਈ ਵੀ ਖੇਡ ਖੇਡਦੇ ਹੋ ਤਾਂ ਕੋਈ ਵੀ ਸੁਫ਼ਨਾ ਇੰਨਾ ਵੱਡਾ ਨਹੀਂ ਹੁੰਦਾ ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਵਿਰਾਟ ਕੋਹਲੀ ਨੇ ਕਿਹਾ ਕਿ ਸਕਾਰਾਤਮਕ ਹੋ ਕੇ ਵਿਸ਼ਵਾਸ ਨਾਲ ਅੱਗੇ ਵੱਧਦੇ ਜਾਓ ਤੁਹਾਡੇ ਸਾਰੇ ਸੁਫ਼ਨੇ ਪੂਰੇ ਹੁੰਦੇ ਜਾਣਗੇ।
ਵਿਰਾਟ ਕੋਹਲੀ ਨੇ ਇੱਕ ਦਹਾਕੇ ‘ਚ ਬਣਾਏ ਇਹ ਰਿਕਾਰਡ
ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਬੱਲੇਬਾਜ਼ – 20,396; ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲਾ ਬੱਲੇਬਾਜ਼ – 66; ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਵਾਲਾ ਬੱਲੇਬਾਜ਼ – 94; ਸਭ ਤੋਂ ਜ਼ਿਆਦਾ ਔਸਤ ਰੱਖਣ ਵਾਲਾ ਬੱਲੇਬਾਜ਼ – 56.97; 2011 ਦਾ ਵਿਸ਼ਵ ਕੱਪ ਦੇ ਜੇਤੂ ਖਿਡਾਰੀ; 2013 ਦੇ ਚੈਂਪੀਅਨ ਟਰਾਫ਼ੀ ਦਾ ਜੇਤੂ ਅਤੇ 2018 ਆਸਟਰੇਲੀਆ ‘ਚ ਸੀਰੀਜ਼ ਜਿੱਤਣ ਵਾਲਾ ਪਹਿਲਾ ਭਾਰਤੀ ਕਪਤਾਨ।