ਜਸਪ੍ਰੀਤ ਬੁਮਰਾਹ ਨੇ 15 ਵਿਕਟਾਂ ਲੈ ਕੇ ਰਚਿਆ ਇਤਿਹਾਸ

ਮੈਲਬਰਨ – ਭਾਰਤ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਆਸਟਰੇਲੀਆ ਖ਼ਿਲਾਫ਼ ਬੌਕਸਿੰਗ ਡੇਅ ਟੈੱਸਟ ‘ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸ ਨੇ ਦੂਜੀ ਪਾਰੀ ‘ਚ ਦੋ ਵੱਡੇ ਵਿਕਟ ਲਏ। ਇਸ ਤੋਂ ਪਹਿਲਾਂ ਉਸ ਨੇ ਪਹਿਲੀ ਪਾਰੀ ‘ਚ 56 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਸਨ। ਇਸ ਦੇ ਨਾਲ ਬੁਮਰਾਹ ਨੇ ਖ਼ਾਸ ਉਪਲਬਧੀ ਆਪਣੇ ਨਾਂ ਕਰ ਲਈ ਹੈ।
ਬੁਮਰਾਹ ਮੈਲਬਰਨ ਕ੍ਰਿਕਟ ਗਰਾਊਂਡ ‘ਤੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਗਿਆ, ਅਤੇ ਉਸ ਨੇ ਅਨਿਲ ਕੁੰਬਲੇ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਕੁੰਬਲੇ ਨੇ ਛੇ ਪਾਰੀਆਂ ‘ਚ ਇਸ ਮੈਦਾਨ ‘ਤੇ 15 ਵਿਕਟ ਲਏ ਸਨ ਜਦਕਿ ਬੁਮਰਾਹ ਨੇ ਚਾਰ ਪਾਰੀਆਂ ‘ਚ ਹੀ 15 ਵਿਕਟਾਂ ਪੂਰੀਆਂ ਕਰ ਲਈਆਂ।
ਮੈਲਬਰਨ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ਾਂ ‘ਚ ਬੁਮਰਾਹ ਅਤੇ ਕੁੰਬਲੇ ਤੋਂ ਇਲਾਵਾ ਇਸ ਸੂਚੀ ‘ਚ ਅਸ਼ਵਿਨ ਅਤੇ ਕਪਿਲ ਦੇਵ ਵੀ ਹਨ। ਦੋਹਾਂ ਨੇ 6-6 ਪਾਰੀਆਂ ‘ਚ 14 ਵਿਕਟਾਂ ਲਈਆਂ ਸਨ। ਬੁਮਰਾਹ ਨੇ ਬੌਕਸਿੰਗ ਡੇਅ ਟੈੱਸਟ ਤੋਂ ਪਹਿਲਾਂ, ਪਿੱਛਲੀ ਆਸਟਰੇਲੀਅਨ ਸੀਰੀਜ਼ ਦੌਰਾਨ, ਇਸ ਮੈਦਾਨ ‘ਤੇ ਇੱਕ ਵਾਰ 33 ਦੌੜਾਂ ਦੇ ਕੇ 6 ਵਿਕਟ ਲਏ ਸਨ ਅਤੇ ਦੂਜੀ ਵਾਰ 53 ਦੌੜਾਂ ਦੇ ਕੇ 3 ਵਿਕਟ ਝਟਕੇ ਸਨ।