ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1378

ਦੁਨੀਆਂ ਨੂੰ ਜਿੱਤਣ ਦੀ ਯੋਜਨਾ ਤਿਆਰ ਹੈ? ਕਿਸੇ ਖ਼ੁਫ਼ੀਆ ਏਜੰਟ ਨੂੰ ਅਗਵਾ ਕਰਨ ਅਤੇ ਬਦਲੇ ‘ਚ ਫ਼ਿਰੌਤੀ ਵਸੂਲਣ ਦਾ ਇਰਾਦਾ ਹੈ? ਕਿਸੇ ਹਕੂਮਤ ਦਾ ਤਖ਼ਤਾ ਪਲਟਣ ਦਾ ਮਤਾ ਪਕਾਇਆ ਜਾ ਰਿਹੈ ਜਾਂ ਕਿਸੇ ਨਾਜ਼ੁਕ ਸ਼ਾਂਤੀ ਸਮਝੌਤੇ ਨੂੰ ਰੱਦ ਕਰਨ ਦਾ? ਨਹੀਂ, ਬੇਸ਼ੱਕ, ਤੁਸੀਂ ਅਜਿਹਾ ਕੁਝ ਨਹੀਂ ਸੋਚ ਰਹੇ। ਹੈਰਾਨੀ ਦੀ ਗੱਲ ਹੈ, ਪਰ, ਕਿਸੇ ਦੇ ਦਿਮਾਗ਼ ‘ਚ ਤੁਸੀਂ ਇਸ ਵਕਤ ਇੱਕ ਮੁੱਖ ਖ਼ਲਨਾਇਕ ਦੀ ਭੂਮਿਕਾ ਨਿਭਾ ਰਹੇ ਹੋ। ਕੀ ਇਹ ਉਨ੍ਹਾਂ ਦੇ ਦਿਮਾਗ਼ ਦੀ ਖਬਤ ਹੈ ਜਾਂ ਫ਼ਿਰ ਤੁਸੀਂ ਗੁਪਤ ਰੂਪ ‘ਚ ਵਾਕਈ ਕੋਈ ਗ਼ੈਰ-ਵਾਜਿਬ ਕਿੜ ਕੱਢ ਰਹੇ ਹੋ? ਅਤੇ ਕਿਸੇ ਹੋਰ ਬਾਰੇ ਤੁਹਾਡੀ ਰਾਏ ਕਿਤੇ ਬਲਦੀ ‘ਤੇ ਤੇਲ ਦਾ ਕੰਮ ਤਾਂ ਨਹੀਂ ਕਰ ਰਹੀ? ਪਹਿਲਾਂ ਆਪਣਾ ਮਨ ਸਾਫ਼ ਕਰੋ। ਫ਼ਿਰ ਆਪਣੇ ਮਨ ਦੇ ਸਾਰੇ ਸ਼ੰਕੇ ਦੂਰ ਕਰੋ। ਤੁਸੀਂ ਦੋਹੇਂ ਉਨ੍ਹਾਂ ਫ਼ਾਇਦਿਆਂ ਦੇ ਹੱਕਦਾਰ ਹੋ ਜਿਹੜੇ ਕੇਵਲ ਓਦੋਂ ਹੀ ਮਿਲਣਗੇ ਜਦੋਂ ਤੁਸੀਂ ਦੋਹੇਂ ਇੱਕ ਦੂਜੇ ‘ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿਓਗੇ।

ਤੁਸੀਂ ਇੱਕ ਹੀ ਵਾਰਤਾਲਾਪ ਕਿੰਨੀ ਵਾਰ ਕਰ ਸਕਦੇ ਹੋ? ਕੀ ਤੁਸੀਂ ਕਿਸੇ ਅਜਿਹੀ ਬਹਿਸ ‘ਚ ਹਿੱਸਾ ਲੈ ਰਹੇ ਹੋ ਜਿਹੜੀ ਤੁਸੀਂ ਸੌ ਵਾਰ ਪਹਿਲਾਂ ਵੀ ਕਰ ਚੁੱਕੇ ਹੋ? ਤੁਸੀਂ, ਇਸ ਵਕਤ, ਇਹ ਚੋਣ ਕਰ ਸਕਦੇ ਹੋ ਕਿ ਕਿਸੇ ਪੁਰਾਣੇ, ਪਹਿਲਾਂ ਤੋਂ ਸਥਾਪਿਤ ਢਾਂਚੇ ਨੂੰ ਤੋੜਨੈ ਜਾਂ ਉਸ ‘ਚ ਹੀ ਕੁਝ ਹੋਰ ਜੋੜਨੈ। ਤੁਸੀਂ ਉਹੀ ਪੁਰਾਣੀ ਚੀਜ਼ ਕਰਦੇ ਰਹਿ ਸਕਦੇ ਹੋ ਅਤੇ ਤੁਹਾਨੂੰ ਉਹੀ ਪੁਰਾਣੇ ਨਤੀਜੇ ਮਿਲਦੇ ਰਹਿਣਗੇ ਜਾਂ ਫ਼ਿਰ ਤੁਸੀਂ ਕਿਸੇ ਤਬਦੀਲੀ ਨੂੰ ਪ੍ਰੇਰਿਤ ਕਰ ਸਕਦੇ ਹੋ। ਬਹੁਤ ਹੱਦ ਤਕ ਸੰਭਵ ਹੈ ਕਿ ਆਉਣ ਵਾਲੇ ਥੋੜ੍ਹੇ ਸ਼ੁਰੂਆਤੀ ਸਮੇਂ ਲਈ ਇਹ ਕਦਮ ਵਿਵਾਦਮਈ ਅਤੇ ਅਲੋਕਪ੍ਰਿਯ ਹੋਣ। ਇਹ ਉਨ੍ਹਾਂ ਸਾਰਿਆਂ ਨੂੰ ਨਾਰਾਜ਼ ਕਰ ਸਕਦੇ ਹਨ ਜਿਹੜੇ ਇਸ ਵਕਤ ਚੀਜ਼ਾਂ ਉਸੇ ਤਰ੍ਹਾਂ ਹੀ ਰੱਖ ਕੇ ਖ਼ੁਸ਼ ਹਨ ਜਿਵੇਂ ਦੀਆਂ ਉਹ ਹਨ। ਪਰ ਜੇਕਰ ਕੋਈ ਮੌਜੂਦਾ ਸਥਿਤੀ ਠੀਕ ਨਹੀਂ ਤਾਂ ਉਸ ਨੂੰ ਬਦਲਣਾ ਹੀ ਪੈਣੈ।

ਸਾਹ ਬਾਹਰ ਛੱਡੋ। ਲਓ। ਇੰਝ ਕਰ ਕੇ ਚੰਗਾ ਨਹੀਂ ਮਹਿਸੂਸ ਹੋ ਰਿਹਾ? ਤੁਸੀਂ ਇਹ ਸਭ ਕੁਝ ਆਪਣੇ ਅੰਦਰ ਕਿੰਨੇ ਚਿਰ ਤੋਂ ਦਬਾ ਕੇ ਬੈਠੇ ਹੋਏ ਸੀ? ਸ਼ਾਇਦ ਕਈ ਹਫ਼ਤਿਆਂ ਜਾਂ ਮਹੀਨਿਆਂ ਤੋਂ। ਬਿਨਾ ਕੁਝ ਸਮਝੇ ਜਾਂ ਪਰਖੇ ਤੁਸੀਂ ਡਟੇ ਰਹੇ, ਅਤੇ ਇਸ ਦੌਰਾਨ ਤੁਸੀਂ ਆਪਣੇ ਅੰਦਰੋਂ ਅਤੇ ਬਾਹਰੋਂ ਹਮਾਇਤ ਦੇ ਸ੍ਰੋਤ ਜੁਟਾਉਣ ਦੀ ਵੀ ਕੋਸ਼ਿਸ਼ ਕੀਤੀ। ਤੁਸੀਂ ਪੂਰੀ ਤਰ੍ਹਾਂ ਇੰਨੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਕਿ ਢਿੱਲੇ ਪੈ ਸਕੋ। ਸਮਾਂ ਤਨਾਅਪੂਰਨ ਹੈ ਅਤੇ, ਜਦੋਂ ਕਿ ਤੁਸੀਂ ਇਸ ਨਾਲ ਵਧੀਆ ਤਰੀਕੇ ਨਾਲ ਸਿੱਝ ਰਹੇ ਹੋ, ਤੁਹਾਡੀਆਂ ਉਂਗਲੀਆਂ ਦੇ ਪੋਰ ਜ਼ਰੂਰ ਖਿਚਾਅ ਮੰਨਣ ਲੱਗੇ ਹਨ। ਹੁਣ, ਬ੍ਰਹਿਮੰਡੀ ਤਸਵੀਰ ਤਬਦੀਲ ਹੋ ਰਹੀ ਹੈ। ਇਸ ਤੋਂ ਪਹਿਲਾਂ ਕਿ ਕੋਈ ਕਹਾਣੀ ਖ਼ੁਦ ਹੀ ਆਪਣੇ ਆਪ ਨੂੰ ਹੱਲ ਕਰ ਲਵੇ, ਹੋ ਸਕਦੈ ਛੇਤੀ ਹੀ ਇੱਕ ਆਖ਼ਰੀ ਤਨਾਅ ਭਰਪੂਰ ਪਲ ਵੀ ਆ ਜਾਵੇ, ਪਰ ਦਿਸਹੱਦੇ ‘ਤੇ ਉਮੀਦ ਮੌਜੂਦ ਹੈ – ਅਤੇ ਉਹ ਵੀ ਬਹੁਤਾਤ ‘ਚ।

ਤੁਹਾਨੂੰ ਉਨ੍ਹਾਂ ਮੂਵੀਆਂ ਬਾਰੇ ਪਤੈ ਜਿਨ੍ਹਾਂ ‘ਚ ਲੋਕਾਂ ਦੇ ਬ੍ਰੇਨਵਾਸ਼ ਕੀਤੇ ਜਾਂਦੇ ਹਨ? ਕੀ ਅਜਿਹੀਆਂ ਫ਼ਿਲਮਾਂ ਦੇਖਦਿਆਂ ਤੁਹਾਡੇ ਲੂ-ਕੰਡੇ ਨਹੀਂ ਖੜ੍ਹੇ ਹੋ ਜਾਂਦੇ? ਜ਼ਰਾ ਕਲਪਨਾ ਕਰੋ, ਤੁਹਾਡਾ ਕੋਈ ਬਹੁਤ ਹੀ ਨੇੜਲਾ ਅਤੇ ਲਾਡਲਾ ਅਚਾਨਕ ਹਕੀਕਤ ਦਾ ਸਾਰਾ ਤਾਣਾ-ਬਾਣਾ ਹੀ ਗੁਆ ਬੈਠੇ। ਇੱਕ ਪਲ ਉਨ੍ਹਾਂ ਦਾ ਤੀਰ ਐਨ ਨਿਸ਼ਾਨੇ ‘ਤੇ, ਅਤੇ ਮੁੜ ਇੰਝ ਜਿਵੇਂ ਉਨ੍ਹਾਂ ਪੱਲੇ ਕੇਵਲ ਤੁੱਕੇ ਹੀ ਰਹਿ ਗਏ ਹੋਣ। ਕੀ ਮਤਲਬ, ਤੁਹਾਨੂੰ ਇਸ ਦੀ ਕਲਪਨਾ ਕਰਨ ਦੀ ਕੋਈ ਲੋੜ ਨਹੀਂ? ਹਾਂ, ਮੇਰੇ ਖ਼ਿਆਲ ‘ਚ ਲੋਕਾਂ ‘ਚ ਬਿਨਾਂ ਕਿਸੇ ਪਾਗਲ ਵਿਗਿਆਨੀ ਦੀ ਮਦਦ ਦੇ ਵੀ ਅਜਿਹੇ ਪਰਿਵਰਤਨ ਆ ਸਕਦੇ ਹਨ। ਪਰ ਇਸ ਵਕਤ ਜੇਕਰ ਤੁਹਾਡੇ ਕਿਸੇ ਰਿਸ਼ਤੇ ‘ਚ ਕੋਈ ਵਿਵਾਦ ਪਨਪ ਰਿਹੈ ਤਾਂ ਇਸ ਦਾ ਕਾਰਨ ਇਹ ਨਹੀਂ ਕਿ ਤੁਹਾਡੇ ਦੋਹਾਂ ‘ਚੋਂ ਕਿਸੇ ਇੱਕ ਨੂੰ ਵੱਸ ‘ਚ ਕਰ ਲਿਆ ਗਿਐ। ਅਜਿਹਾ ਸਿਰਫ਼ ਇਸ ਲਈ ਹੈ ਕਿਉਂਕਿ ਤੁਹਾਡੇ ਦੋਹਾਂ ਦੇ ਯਕੀਨ ਇੱਕ ਦੂਸਰੇ ਤੋਂ ਉਲਟ ਹਨ। ਕੀ ਤੁਸੀਂ ਥੋੜ੍ਹੀ ਢਿੱਲ ਨਹੀਂ ਦਿਖਾ ਸਕਦੇ?

ਕੁਝ ਗੱਲਾਂ ਕਹਿਣ ਦੀ ਲੋੜ ਹੈ। ਕੁਝ ਲੋਕਾਂ ਨੂੰ ਗੱਲਾਂ ਕਹਿਣ ਦੀ। ਕੁਝ ਸੰਕੇਤ ਦੇਣ ਦੀ ਲੋੜ ਹੈ। ਕੁਝ ਲਕੀਰਾਂ ਖਿੱਚਣੀਆਂ ਪੈਣੀਆਂ ਹਨ। ਅਤੇ ਦੂਸਰੀਆਂ ਨਹੀਂ। ਅਕਸਰ ਆਪਣੇ ਆਪ ਨੂੰ ਉਨ੍ਹਾਂ ਜੰਗਾਂ ‘ਚ ਉਲਝਾਉਣ ਦਾ ਲਾਲਚ ਬਹੁਤ ਪ੍ਰਬਲ ਹੁੰਦੈ ਜਿਹੜੀਆਂ ਲੜਨ ਦੀ ਤੁਹਾਨੂੰ ਕੋਈ ਲੋੜ ਨਹੀਂ ਹੁੰਦੀ। ਅਜਿਹਾ ਕਰਦੇ ਹੋਏ ਜੇਕਰ ਤੁਸੀਂ ਹਾਰ ਵੀ ਜਾਓ ਤਾਂ ਜ਼ਿਆਦਾ ਨੁਕਸਾਨ ਨਹੀਂ ਹੋਣ ਵਾਲਾ ਕਿਉਂਕਿ ਦਾਅ ‘ਤੇ ਤੁਹਾਡਾ ਜ਼ਿਆਦਾ ਕੁਝ ਲੱਗਾ ਹੀ ਨਹੀਂ ਹੋਣਾ। ਫ਼ਿਰ ਵੀ, ਤੁਹਾਡੇ ਕੋਲ ਸ਼ਕਤੀ ਸੀਮਿਤ ਹੈ। ਜੇਕਰ ਤੁਸੀਂ ਉਸ ਨੂੰ ਆਪਣੇ ਸਭ ਤੋਂ ਮਹੱਤਵਪੂਰਣ ਟੀਚੇ ਨੂੰ ਹਾਸਿਲ ਕਰਨ ਲਈ ਵਰਤੋਗੇ ਤਾਂ ਤੁਸੀਂ ਆਪਣੀ ਜ਼ਿੰਦਗੀ ਦੇ ਉਸ ਖੇਤਰ ‘ਚ ਚਿਰਸਥਾਈ ਅਤੇ ਸਾਕਾਰਾਤਮਕ ਤਬਦੀਲੀ ਲਿਆ ਸਕੋਗੇ ਜਿਹੜਾ ਤੁਹਾਡੇ ਲਈ ਅਹਿਮ ਹੈ। ਆਪਣਾ ਅਧਿਕਾਰ ਉੱਥੇ ਅਤੇ ਓਦੋਂ ਜਤਾਓ ਜਿੱਥੇ ਅਤੇ ਜਦੋਂ ਉਸ ਦੀ ਸੱਚਮੁੱਚ ਲੋੜ ਹੋਵੇ।