ਦਿੱਲੀ ’ਚ ਵਿਦਿਆਰਥੀਆਂ ਨੂੰ 6 ਮਹੀਨੇ ਤੱਕ ਮਿਲੇਗਾ ਰਾਸ਼ਨ, 8 ਲੱਖ ਪਰਿਵਾਰਾਂ ਨੂੰ ਹੋਵੇਗਾ ਫਾਇਦਾ

ਨਵੀਂ ਦਿੱਲੀ— ਦਿੱਲੀ ਸਰਕਾਰ ਮਿਡ-ਡੇ-ਮੀਲ ਯੋਜਨਾ ਤਹਿਤ ਆਪਣੇ ਵਿਦਿਆਰਥੀਆਂ ਨੂੰ 6 ਮਹੀਨੇ ਤੱਕ ਸੁੱਕਾ ਰਾਸ਼ਨ ਦੇਵੇਗੀ। ਕੋਵਿਡ-19 ਗਲੋਬਲ ਮਹਾਮਾਰੀ ਕਾਰਨ ਸਕੂਲਾਂ ਦੇ ਮਾਰਚ ਤੋਂ ਬੰਦ ਹੋਣ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਕਿਸੇ ਵੀ ਵਿਦਿਆਰਥੀ ਨੂੰ ਭੁੱਖਾ ਨਹੀਂ ਰਹਿਣ ਦੇਵਾਂਗੇ।
ਦਿੱਲੀ ਦੇ ਮੰਡਾਵਲੀ ਇਲਾਕੇ ਦੇ ਇਕ ਸਰਕਾਰੀ ਸਕੂਲ ’ਚ ਸੁੱਕਾ ਰਾਸ਼ਨ ਵੰਡਣ ਲਈ ਆਯੋਜਿਤ ਇਕ ਪ੍ਰੋਗਰਾਮ ਵਿਚ ਕੇਜਰੀਵਾਲ ਨੇ ਕਿਹਾ ਕਿ ਕਿ ਜਦੋਂ ਸਕੂਲ ਬੰਦ ਸਨ, ਤਾਂ ਅਸੀਂ ਮਿਡ-ਡੇ-ਮੀਲ ਭੋਜਨ ਯੋਜਨਾ ਲਈ ਮਾਪਿਆਂ ਨੂੰ ਪੈਸੇ ਭੇਜਣ ਦਾ ਫ਼ੈਸਲਾ ਕੀਤਾ ਸੀ ਪਰ ਹੁਣ ਅਸੀਂ ਆਪਣੇ ਵਿਦਿਆਰਥੀਆਂ ਨੂੰ 6 ਮਹੀਨੇ ਤੱਕ ਸੁੱਕਾ ਰਾਸ਼ਨ ਦੇਣ ਦਾ ਫ਼ੈਸਲਾ ਕੀਤਾ ਹੈ।
ਦੇਸ਼ ’ਚ ਕੋਵਿਡ-19 ਦੇ ਮੱਦੇਨਜ਼ਰ ਮਾਰਚ ਤੋਂ ਸਕੂਲ ਬੰਦ ਹਨ। 15 ਅਕਤੂਬਰ ਨੂੰ ਕੁਝ ਸੂਬਿਆਂ ਵਿਚ ਅੰਸ਼ਿਕ ਰੂਪ ਨਾਲ ਸਕੂਲ ਖੋਲ੍ਹੇ ਗਏ ਸਨ। ਦਿੱਲੀ ਸਰਕਾਰ ਨੇ ਹਾਲਾਂਕਿ ਕਿਹਾ ਹੈ ਕਿ ਕੋਰੋਨਾ ਵਾਇਰਸ ਦਾ ਟੀਕਾ ਆਉਣ ਤੱਕ ਰਾਸ਼ਟਰੀ ਰਾਜਧਾਨੀ ’ਚ ਸਕੂਲ ਨਹੀਂ ਖੁੱਲ੍ਹਣਗੇ।
News Credit :jagbani(punjabkesari)