ਫ਼ੌਜ ਮੁਖੀ ਜਨਰਲ ਨਰਵਾਣੇ 3 ਦਿਨਾਂ ਦੇ ਦੱਖਣੀ ਕੋਰੀਆ ਦੌਰੇ ’ਤੇ ਰਵਾਨਾ

ਨਵੀਂ ਦਿੱਲੀ — ਥਲ ਸੈਨਾ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਸੋਮਵਾਰ ਯਾਨੀ ਕਿ ਅੱਜ ਤਿੰਨ ਦਿਨਾਂ ਦੇ ਦੱਖਣੀ ਕੋਰੀਆ ਦੇ ਦੌਰੇ ’ਤੇ ਰਵਾਨਾ ਹੋ ਗਏ। ਆਪਣੇ ਇਸ ਦੌਰੇ ਦੌਰਾਨ ਉਹ ਦੁੱਵਲੇ ਫ਼ੌਜੀ ਸਹਿਯੋਗ ਦਾ ਵਿਸਥਾਰ ਕਰਨ ਦੇ ਤਰੀਕਿਆਂ ’ਤੇ ਕੋਰੀਆਈ ਦੇਸ਼ ਦੇ ਸੀਨੀਅਰ ਰੱਖਿਆ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕੋਰੀਆ ਭਾਰਤ ਨੂੰ ਫ਼ੌਜੀ ਸਾਮਾਨ ਅਤੇ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਪ੍ਰਮੁੱਖ ਦੇਸ਼ ਹੈ। ਫ਼ੌਜ ਮੁਖੀ ਕਰੀਬ ਦੋ ਹਫ਼ਤੇ ਪਹਿਲਾਂ ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ ਦੇ 6 ਦਿਨਾਂ ਦੇ ਅਹਿਮ ਦੌਰੇ ’ਤੇ ਗਏ ਸਨ। ਉਨ੍ਹਾਂ ਦਾ ਇਹ ਦੌਰਾ ਖਾੜ੍ਹੀ ਦੇ ਦੋ ਪ੍ਰਭਾਵਸ਼ਾਲੀ ਦੇਸ਼ਾਂ ਨਾਲ ਭਾਰਤ ਦੇ ਵੱਧਦੇ ਰਣਨੀਤਕ ਸਬੰਧਾਂ ਨੂੰ ਦਿਖਾਉਂਦਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ’ਚ ਜਨਰਲ ਨਰਵਾਣੇ ਦਾ ਦੇਸ਼ ਦੇ ਰੱਖਿਆ ਮੰਤਰੀ, ਫ਼ੌਜ ਮੁਖੀ ਅਤੇ ਜੁਆਇੰਟ ਚੀਫ਼ ਆਫ਼ ਸਟਾਫ਼ ਨੂੰ ਮਿਲਣ ਦਾ ਪ੍ਰੋਗਰਾਮ ਹੈ। ਜਨਰਲ ਨਰਵਾਣੇ ਦੱਖਣੀ ਕੋਰੀਆ ਦੇ ਰੱਖਿਆ ਖਰੀਦ ਯੋਜਨਾ ਪ੍ਰਸ਼ਾਸਨ (ਡੀ. ਏ. ਪੀ. ਏ.) ਮੰਤਰੀ ਨੂੰ ਵੀ ਮਿਲਣਗੇ। ਫ਼ੌਜ ਨੇ ਇਕ ਬਿਆਨ ’ਚ ਦੱਸਿਆ ਕਿ ਫ਼ੌਜੀ ਮੁਖੀ ਭਾਰਤ-ਕੋਰੀਆ ਗਣਰਾਜ ਵਿਚਾਲੇ ਰੱਖਿਆ ਸਬੰਧਾਂ ਨੂੰ ਅੱਗੇ ਵਧਾਉਣ ਦੇ ਤੌਰ-ਤਰੀਕਿਆਂ ’ਤੇ ਸਲਾਹ-ਮਸ਼ਵਰਾ ਕਰਨਗੇ। ਫ਼ੌਜ ਮੁਖੀ ਨਰਵਾਣੇ ਗੈਂਗਵੋਨ ਸੂਬੇ ਵਿਚ ਕੋਰੀਆ ‘ਕਾਮਬੈਟ ਸਿਖਲਾਈ ਕੇਂਦਰ’ ਅਤੇ ‘ਡੇਯਜ਼ੋਨ’ ’ਚ ਐਡਵਾਂਸ ਡਿਫੈਂਸ ਡਿਵੈਲਪਮੈਂਟ ਦਾ ਦੌਰਾ ਵੀ ਕਰਨਗੇ।
News Credit :jagbani(punjabkesari)