ਸਾਜ਼ਿਸ਼ ਨਾ ਰੋਕੀ ਤਾਂ ਸੋਵੀਅਤ ਸੰਘ ਵਾਂਗ ਟੁੱਟ ਜਾਵੇਗਾ ਭਾਰਤ – ਸ਼ਿਵ ਸੈਨਾ

ਮੁੰਬਈ – ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਊਤ ਨੇ ਪਾਰਟੀ ਦੇ ਮੁੱਖ ਪੱਤਰ ਸਾਮਨਾ ਵਿਚ ਲਿਖਿਆ ਹੈ ਕਿ ਜੇ ਪ੍ਰਧਾਨ ਮੰਤਰੀ ਸੂਬਿਆਂ ਵਿਚ ਰਾਜਨੀਤਕ ਅਸਥਿਰਤਾ ਦਾ ਆਨੰਦ ਲੈ ਰਹੇ ਹਨ ਅਤੇ ਆਪਣੀ ਸਰਕਾਰ ਦਾ ਗਠਨ ਕਰਵਾ ਸਕਦੇ ਹਨ ਤਾਂ ਕੋਈ ਕੀ ਕਹਿ ਸਕਦਾ ਹੈ? ਰਾਸ਼ਟਰ ਸੂਬਿਆਂ ਨੂੰ ਨੇੜੇ ਲਿਆਉਣ ਨਾਲ ਬਣਦਾ ਹੈ। ਗੈਰ-ਭਾਜਪਾ ਸ਼ਾਸਿਤ ਸੂਬਿਆਂ ਨੂੰ ਕੰਢੇ ਲਾਉਣ ਦੀ ਧਾਰਣਾ ਨਾਲ ਮੋਦੀ ਦੀ ਸਰਕਾਰ ਦੇਸ਼ ਦੇ ਸੰਘੀ ਢਾਂਚੇ ਨੂੰ ਖਤਮ ਕਰ ਰਹੀ ਹੈ। ਮੱਧ ਪ੍ਰਦੇਸ਼ ਵਿਚ ਕਾਂਗਰਸ ਦੀ ਸਰਕਾਰ ਡੇਗ ਕੇ ਭਾਜਪਾ ਦੀ ਸਰਕਾਰ ਬਣੀ। ਕਸ਼ਮੀਰ ਵਿਚ ਅਸਥਿਰਤਾ ਹੈ। ਪੰਜਾਬ ਵਿਚ ਕਿਸਾਨ ਪਰੇਸ਼ਾਨ ਹਨ। ਮੁੰਬਈ ਵਿਚ ਮੈਟਰੋ ਪ੍ਰਾਜੈਕਟ ਨੂੰ ਰੋਕਿਆ ਜਾ ਰਿਹਾ ਹੈ। ਕੰਗਨਾ ਰਨੌਤ ਅਤੇ ਅਰਨਬ ਗੋਸਵਾਮੀ ਨੂੰ ਬਚਾਉਣ ਲਈ ਕੇਂਦਰ ਸਰਕਾਰ ਸੜਕ ‘ਤੇ ਹੈ। ਅਸੀਂ ਚੀਨੀ ਫੌਜੀਆਂ ਨੂੰ ਪਿੱਛੇ ਧਕੇਲਣ ਵਿਚ ਸਮਰੱਥ ਨਹੀਂ ਸੀ ਪਰ ਚੀਨੀ ਨਿਵੇਸ਼ ਨੂੰ ਪਿੱਛੇ ਛੱਡ ਦਿੱਤਾ। ਜੇ ਸਾਜ਼ਿਸ਼ ਨਾ ਰੋਕੀ ਗਈ ਤਾਂ ਭਾਰਤ ਸੋਵੀਅਤ ਸੰਘ ਵਾਂਗ ਟੁੱਟ ਜਾਵੇਗਾ।
ਸੰਜੇ ਰਾਊਤ ਦੇ ਭਾਰਤ ਦੇ ਸੋਵੀਅਤ ਸੰਘ ਵਾਂਗ ਟੁੱਟਣ ਦੇ ਬਿਆਨ ‘ਤੇ ਭਾਜਪਾ ਨੇ ਹਮਲਾਵਰ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਪਾਰਟੀ ਦੇ ਨੇਤਾ ਰਾਮ ਕਦਮ ਨੇ ਕਿਹਾ ਕਿ ਰਾਜਨੀਤੀ ਵਿਚ ਇਕ-ਦੂਜੇ ‘ਤੇ ਦੋਸ਼ ਤਾਂ ਸਮਝ ਆਉਂਦੇ ਹਨ, ਦੇਸ਼ ਕੁਝ ਹੱਦ ਤੱਕ ਗੰਦੀ ਸਿਆਸਤ ਵੀ ਸਹਿ ਸਕਦਾ ਹੈ ਪਰ ਭਾਰਤ ਮਾਤਾ ਨੂੰ ਤੋੜਣ ਦੀ ਸ਼ਿਵ ਸੈਨਾ ਦੀ ਗੱਲ ਨੂੰ ਦੇਸ਼ ਕਦੇ ਸਹਿਨ ਨਹੀਂ ਕਰ ਸਕਦਾ। ਰਾਮ ਕਦਮ ਨੇ ਇਸ ਨੂੰ ਸ਼ਹੀਦਾਂ ਦਾ ਅਪਮਾਨ ਦੱਸਿਆ। ਉਨ੍ਹਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਦੇ ਮੌਨ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ। ਭਾਜਪਾ ਨੇਤਾ ਨੇ ਸਵਾਲ ਕੀਤਾ ਕਿ ਕੀ ਉਹ ਦੇਸ਼ ਤੋੜਣ ਦੀ ਗੱਲ ਨਾਲ ਸਹਿਮਤ ਹਨ?
News Credit :jagbani(punjabkesari)