ਮੋਦੀ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ : ਭੱਠਲ

ਲਹਿਰਾਗਾਗਾ : ‘ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ, ਸਗੋਂ ਬਿਨਾਂ ਕਿਸੇ ਦੇਰੀ ਦੇ ਤਿੰਨੇ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ ਤਾਂ ਜੋ ਦੇਸ਼ ’ਚ ਵੱਧ ਰਹੀ ਅਰਾਜਕਤਾ ਨੂੰ ਰੋਕਿਆ ਜਾ ਸਕੇ।’ ਇਸ ਗੱਲ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਤੇ ਪਲੈਨਿੰਗ ਬੋਰਡ ਦੀ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਜਾਣ ਬੱੁਝ ਕੇ ਕਿਸਾਨਾਂ ਦੇ ਮਸਲੇ ਨੂੰ ਲਟਕਾ ਰਹੇ ਹਨ ਜਦਕਿ ਚਾਹੀਦਾ ਤਾਂ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਖੁਦ ਕਿਸਾਨਾਂ ਨਾਲ ਮਿਲ ਕੇ ਫਰਾਖਦਿਲੀ ਦਿਖਾਉਂਦੇ ਹੋਏ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰਨ। ਭਾਜਪਾ ਦਾ ਅੜੀਅਲ ਵਤੀਰਾ ਦੇਸ਼ ਨੂੰ ਅਰਾਜਕਤਾ, ਬੇਰੋਜ਼ਗਾਰੀ ਵੱਲ ਵਧਾ ਰਿਹਾ ਹੈ।
ਭਾਜਪਾ ਦੇ ਆਗੂ ਸਸਤੀ ਸ਼ੋਹਰਤ ਹਾਸਲ ਕਰਨ ਲਈ ਕਿਸਾਨ ਅੰਦੋਲਨ ਵਿਰੁੱਧ ਗਲਤ ਬਿਆਨਬਾਜ਼ੀ ਕਰਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਸਾਨ ਅੰਦੋਲਨ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਦੇਸ਼ ਦਾ ਹਰ ਵਰਗ ਅਤੇ ਹਰ ਪਾਰਟੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ। ਇਸ ਮੌਕੇ ਰਵਿੰਦਰ ਟੁਰਨਾ, ਸੂਬਾ ਸਕੱਤਰ ਸੋਮਨਾਥ ਸਿੰਗਲਾ, ਸੀਨੀਅਰ ਆਗੂ ਸੁਰੇਸ਼ ਕੁਮਾਰ ਠੇਕੇਦਾਰ, ਕਾਂਗਰਸ ਐੱਸ. ਸੀ. ਡਿਪਾਰਟਮੈਂਟ ਦੇ ਜ਼ਿਲਾ ਚੇਅਰਮੈਨ ਗੁਰਲਾਲ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨੀਟੂ ਸ਼ਰਮਾ, ਪ੍ਰਸ਼ੋਤਮ ਸਿੰਗਲਾ, ਪ੍ਰਵੀਨ ਕੁਮਾਰ ਰੋਡਾ, ਸਤੀਸ਼ ਕੁਮਾਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
News Credit :jagbani(punjabkesari)