ਖੇਤੀ ਕਾਨੂੰਨਾਂ ਖ਼ਿਲਾਫ਼ ਹੁਣ ਬਲਵਿੰਦਰ ਸਿੰਘ ਵਲੋਂ ਅਰਜਨ ਐਵਾਰਡ ਵਾਪਸ ਕਰਨ ਦਾ ਐਲਾਨ

ਚੰਡੀਗੜ੍ਹ : ਕਿਸਾਨਾਂ ਦੇ ਸਮਰਥਨ ਵਿਚ ਅਰਜਨ ਐਵਾਰਡੀ ਅਤੇ ਪੀ. ਯੂ. ਦੇ ਐਥਲੀਟ ਕੋਚ ਬਲਵਿੰਦਰ ਸਿੰਘ ਨੇ ਆਪਣਾ ਅਰਜਨ ਐਵਾਰਡ ਵਾਪਿਸ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੂੰ ਸ਼ਾਟਪੁਟ ਵਿਚ ਦੇਸ਼ ਲਈ ਕਈ ਤਮਗਾ ਜਿੱਤਣ ਕਾਰਣ ਸਰਕਾਰ ਨੇ ਅਰਜਨ ਐਵਾਰਡ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਨਾਲ ਸਰਕਾਰ ਗਲ਼ਤ ਕਰ ਰਹੀ ਹੈ। ਐਵਾਰਡ ਵਾਪਸ ਕਰਨ ਲਈ ਰਾਸ਼ਟਰਪਤੀ ਨੂੰ ਪੱਤਰ ਲਿਖ ਦਿੱਤਾ ਹੈ ਪਰ ਉਨ੍ਹਾਂ ਵਲੋਂ ਕੋਈ ਜਵਾਬ ਨਾ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਵਾਜ਼ ਨਹੀਂ ਸੁਣੇਗੀ ਤਾਂ ਉਹ ਆਉਣ ਵਾਲੇ ਸਮੇਂ ਵਿਚ ਆਪਣੇ ਖੇਡ ਦੇ ਖੇਤਰ ਵਿਚ, ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਗਏ ਕੰਮਾਂ ਦੇ ਐਵਾਰਡ ਵੀ ਵਾਪਸ ਕਰ ਦੇਣਗੇ।
1987 ਵਿਚ ਮਿਲਿਆ ਸੀ ਐਵਾਰਡ
ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਕ ਕਿਸਾਨ ਪਰਿਵਾਰ ਤੋਂ ਹਨ। ਇਸ ਤਰ੍ਹਾਂ ਕਿਸਾਨਾਂ ਦਾ ਸਮਰਥਨ ਕਰਨ ਲਈ ਉਹ ਪੂਰੀ ਤਰ੍ਹਾਂ ਨਾਲ ਤਿਆਰ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਏਸ਼ੀਆ ਵਿਚ ਕਈ ਰਿਕਾਰਡ ਉਨ੍ਹਾਂ ਦੇ ਨਾਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਏਸ਼ੀਅਨ ਗੇਮਜ਼ ਵਿਚ ਵੀ ਦੇਸ਼ ਲਈ ਕਈ ਤਮਗੇ ਜਿੱਤੇ ਹਨ, ਜਿਸ ਤੋਂ ਬਾਅਦ 1987 ਵਿਚ ਸਰਕਾਰ ਵਲੋਂ ਅਰਜਨ ਐਵਾਰਡ ਦਿੱਤਾ ਗਿਆ ਹੈ।
ਇਹ ਵੀ ਹਨ ਬਲਵਿੰਦਰ ਦੀਆਂ ਉਪਲੱਬਧੀਆਂ
* ਮਹਾਰਾਜਾ ਰਣਜੀਤ ਸਿੰਘ ਅਵਾਰਡ 1983
* ਲਾਈਫ ਟਾਈਮ ਅਚੀਵਮੈਂਟ ਐਵਾਰਡ, ਵਲੋਂ ਪੰਜਾਬ ਪੁਲਸ 2007
* ਲਿਮਕਾ ਬੁੱਕ ਰਿਕਾਰਡ ਹੋਲਡਰ 1988
* ਏਸ਼ੀਅਨ ਗੇਮਜ਼ 1982 ਮੈਡਲਿਸਟ
* ਬਲਵਿੰਦਰ ਸਿੰਘ 13 ਵਾਰ ਓਪਨ ਨੈਸ਼ਨਲ ਚੈਂਪੀਅਨ ਰਹੇ ਹਨ। ਉਹ ਇੰਡੀਆ ਤੇ ਏਸ਼ੀਅਨ ਰਿਕਾਰਡ ਹੋਲਡਰ ਹਨ। ਵਲਰਡ ਕੱਪ ਐਥਲੀਟ ਵਿਚ ਵੀ ਉਨ੍ਹਾਂ ਦਾ 7ਵਾਂ ਸਥਾਨ ਰਿਹਾ ਹੈ। ਇਸ ਤੋਂ ਇਲਾਵਾ ਬਲਵਿੰਦਰ ਸਿੰਘ 1983 ਵਿਚ 2, 1985 ਵਿਚ 1, 1987 ਵਿਚ 3 ਅਤੇ 1989 ਵਿਚ 1 ਸੰਨ ਤਮਗਾ ਜਿੱਤ ਚੁੱਕੇ ਹਨ।
News Credit :jagbani(punjabkesari)