ਕਿਸਾਨਾਂ ਦਾ ਐਲਾਨ- ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ, ਉਦੋਂ ਤੱਕ ਟੋਲ ਮੁਫ਼ਤ ਰਹਿਣਗੇ

ਹਰਿਆਣਾ- ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਧਰਨਾ-ਪ੍ਰਦਰਸ਼ਨ ਲਗਾਤਾਰ 33ਵੇਂ ਦਿਨ ਵੀ ਜਾਰੀ ਹੈ। ਉੱਥੇ ਹੀ ਹਰਿਆਣਾ ਦੇ ਬਸਤਾੜਾ ਟੋਲ ‘ਤੇ ਕਿਸਾਨ ਤੀਜੇ ਦਿਨ ਵੀ ਧਰਨੇ ‘ਤੇ ਰਹੇ। ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਜਦੋਂ ਤੱਕ ਸਰਕਾਰ ਤਿੰਨੋਂ ਕਾਲੇ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤੱਕ ਸਾਰੇ ਟੋਲ ਮੁਫ਼ਤ ਰਹਿਣਗੇ ਅਤੇ ਧਰਨਾ ਵੀ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਕਿਸਾਨਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਨੇ ਕਿਸਾਨਾਂ ਨੂੰ ਉਲਟਾ ਸੜਕਾਂ ‘ਤੇ ਖੜ੍ਹਾ ਕਰ ਦਿੱਤਾ। ਸਰਕਾਰ ਵਲੋਂ ਲਾਗੂ ਤਿੰਨ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ 3 ਦਿਨਾਂ ਤੋਂ ਬਸਤਾੜਾ ਟੋਲ ‘ਤੇ ਧਰਨਾ ਦੇ ਰਹੇ ਹਨ ਅਤੇ ਟੋਲ ਨੂੰ ਵੀ ਮੁਫ਼ਤ ਕਰ ਰੱਖਿਆ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਜੇ ਰਾਣਾ ਨੇ ਇਕ ਦਿਨ ਦਾ ਵਰਤ ਰੱਖਿਆ ਅਤੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੇ 3 ਦਿਨਾਂ ਲਈ ਟੋਲ ਮੁਕਤ ਕਰਨ ਦਾ ਐਲਾਨ ਕੀਤਾ ਸੀ ਪਰ ਸਰਕਾਰ ਨੇ ਕਿਸਾਨਾਂ ਦੀ ਮੰਗ ਵੱਲ ਧਿਆਨ ਨਹੀਂ ਦਿੱਤਾ। ਇਸ ਲਈ ਕਿਸਾਨਾਂ ਨੂੰ ਸਾਰੇ ਟੋਲ ਅਣਮਿੱਥੇ ਸਮੇਂ ਲਈ ਮੁਫ਼ਤ ਕਰਨ ਦਾ ਐਲਾਨ ਕਰਨਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀਆਂ ਉਦੋਂ ਤੱਕ ਟੋਲ ਮੁਫ਼ਤ ਦੇ ਨਾਲ-ਨਾਲ ਟੋਲ ‘ਤੇ ਅਣਮਿੱਥੇ ਸਮੇਂ ਲਈ ਧਰਨਾ ਵੀ ਚੱਲੇਗਾ। ਸੋਮਵਾਰ ਨੂੰ ਯਾਨੀ ਅੱਜ 8 ਕਿਸਾਨ ਭੁੱਖ-ਹੜਤਾਲ ‘ਤੇ ਰਹਿਣਗੇ। ਇਸ ਤਰ੍ਹਾਂ ਹਰ ਦਿਨ ਭੁੱਖ ਹੜਤਾਲ ‘ਤੇ ਕਿਸਾਨ ਵਧਦੇ ਜਾਣਗੇ।
News Credit :jagbani(punjabkesari)